ਧਾਰ ਵਿਖੇ ਬਣਾਏ ਟੂਰਿਜ਼ਮ ਪ੍ਰੋਜੈਕਟ ਵਿੱਚ ਵਿਦੇਸ਼ੀ ਕੰਪਨੀਆਂ ਨੇ ਜਤਾਈ ਦਿਲਚਸਪੀ

Last Updated: Nov 19 2018 16:04
Reading time: 1 min, 53 secs

ਜ਼ਿਲ੍ਹੇ ਦੇ ਧਾਰ ਇਲਾਕੇ ਵਿਖੇ ਰਣਜੀਤ ਸਾਗਰ ਡੈਮ ਦੀ ਝੀਲ ਦੇ ਨੇੜੇ ਟੂਰਿਜ਼ਮ ਹੱਬ ਨੂੰ ਵਿਕਸਤ ਕਰਨ ਦੇ ਲਈ ਮੈਗਾ ਪ੍ਰੋਜੈਕਟ ਨੂੰ ਲੈ ਕੇ ਭਾਰਤੀ ਹੋਟਲ ਇੰਡਸਟਰੀ ਦੇ ਇਲਾਵਾ ਕੈਨੇਡਾ ਅਤੇ ਅਮਰੀਕਾ ਦੀਆਂ ਕੰਪਨੀਆਂ ਵੱਲੋਂ ਵੀ ਇਨਵੈਸਟਮੈਂਟ ਲਈ ਇੱਛਾ ਜਾਹਿਰ ਕੀਤੀ ਗਈ ਹੈ। ਜੰਗਲਾਤ ਵਿਭਾਗ ਦੇ 77.66 ਏਕੜ ਰਕਬੇ ਨੂੰ ਪੰਜਾਬ ਇਂਫਾਸਟਕਚਰ ਡਿਵੈਲਪਮੈਂਟ ਬੋਰਡ ਨੂੰ ਟਰਾਂਸਫ਼ਰ ਕਰਨ ਦੇ ਲਈ ਕੇਂਦਰੀ ਜੰਗਲਾਤ ਵਿਭਾਗ ਦੀ ਮਨਜ਼ੂਰੀ ਲਈ ਫਾਈਲ ਨੂੰ ਭੇਜਿਆ ਗਿਆ ਹੈ। ਇਸ ਪ੍ਰੋਜੈਕਟ ਤੇ ਫ਼ੈਸਲਾ ਲੈਣ ਦੇ ਲਈ ਟੂਰਿਜ਼ਮ ਮੰਤਰੀ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨਗੇ, ਜਿਸ ਵਿੱਚ ਪਠਾਨਕੋਟ ਹਲਕੇ ਦੇ ਵਿਧਾਇਕ ਅਮਿੱਤ ਵਿਜ ਸਣੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹਿਣਗੇ। ਆਰ.ਐਸ.ਡੀ ਕੰਜ਼ਰਵੇਸ਼ਨ ਦੇ ਨੇੜਲੇ 2 ਟਾਪੂ ਮੁਸ਼ਰਬਾ, ਕੁਲਾਰਾ ਅਤੇ ਪਲਂਗੀ ਵਿਖੇ ਟੂਰਿਜ਼ਮ ਨੂੰ ਵਿਕਸਿਤ ਕਰਨ ਦਾ ਪ੍ਰੋਜੈਕਟ ਸਾਬਕਾ ਉਪ-ਮੁੱਖਮੰਤਰੀ ਸੁਖਬੀਰ ਬਾਦਲ ਵੱਲੋਂ 4 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਲਈ ਬਕਾਇਦਾ ਧੌਲਾਧਾਰ ਟੂਰਿਜ਼ਮ ਡੇਵਲਪਮੈਂਟ ਕਾਰਪੋਰੇਸ਼ਨ ਬਣਾਈ ਗਈ ਸੀ। ਉਸ ਮੌਕੇ ਜੰਗਲਾਤ ਵਿਭਾਗ ਵੱਲੋਂ 300 ਏਕੜ ਜ਼ਮੀਨ ਕਾਰਪੋਰੇਸ਼ਨ ਨੂੰ ਟਰਾਂਸਫ਼ਰ ਕਰਨ ਦੇ ਲਈ ਕੇਂਦਰੀ ਜੰਗਲਾਤ ਵਿਭਾਗ ਨੂੰ ਮਨਜ਼ੂਰੀ ਲਈ ਲਿਖਿਆ ਗਿਆ ਸੀ। ਇਸ ਪ੍ਰੋਜੈਕਟ ਵਿੱਚ ਵੱਡੀ ਗਿਣਤੀ 'ਚ ਦਰਖਤਾਂ ਦੀ ਕਟਾਈ ਹੋਣ ਦੀ ਵਜ੍ਹਾ ਨਾਲ ਵਿਭਾਗ ਵੱਲੋਂ ਇਸ ਪ੍ਰੋਜੈਕਟ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ। ਹੁਣ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਪੀ.ਆਈ.ਡੀ.ਬੀ ਨੂੰ ਦਿੱਤਾ ਗਿਆ ਹੈ, ਜਿਸ ਦੇ ਚਲਦੇ ਜੰਗਲਾਤ ਵਿਭਾਗ ਵੱਲੋਂ 77.66 ਏਕੜ ਜ਼ਮੀਨ ਟੂਰਿਜ਼ਮ ਪ੍ਰੋਜੈਕਟ ਦੇ ਨਾਮ ਟਰਾਂਸਫ਼ਰ ਕਰਨ ਦੀ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੰਗਲਾਤ ਦੇ ਡੀ.ਐਫ.ਓ ਸੰਜੀਵ ਤਿਵਾਰੀ ਨੇ ਕਿਹਾ ਕਿ ਫਾਰੈਸਟ ਕੰਜ਼ਰਵੇਸ਼ਨ ਐਕਟ ਤਹਿਤ ਜ਼ਮੀਨ ਨੂੰ ਟਰਾਂਸਫ਼ਰ ਕੀਤਾ ਜਾਣਾ ਹੈ, ਜਿਸ ਦੇ ਚਲਦੇ ਪਠਾਨਕੋਟ ਨਗਰ ਨਿਗਮ ਵੱਲੋਂ ਡੇਰੀਵਾਲ ਵਿਖੇ 77.66 ਏਕੜ ਜ਼ਮੀਨ ਦੇਣ ਦੀ ਸਹਿਮਤੀ ਜਤਾਈ ਗਈ ਹੈ। ਜਿਸ ਦੇ ਲਈ ਪੀ.ਆਈ.ਡੀ.ਬੀ ਨਗਰ ਨਿਗਮ ਨੂੰ 6 ਕਰੋੜ ਰੁਪਏ ਦੇਵੇਗਾ। ਡੀ.ਐਫ.ਓ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਕੁਲਾਰਾ ਟਾਪੂ ਦੀ 16 ਏਕੜ, ਮੁਸ਼ਰਬਾ ਟਾਪੂ ਦੀ 2.9 ਏਕੜ ਅਤੇ ਪਲਂਗੀ ਵਿਖੇ 58 ਏਕੜ ਜ਼ਮੀਨ ਕਵਰ ਕੀਤੀ ਜਾਣੀ ਹੈ। ਐਨ.ਓ.ਸੀ ਦੇ ਲਈ ਪ੍ਰਪੋਜ਼ਲ ਬਣਾ ਭੇਜਿਆ ਜਾ ਰਿਹਾ ਹੈ, ਜਿਸ ਦੀ ਮਨਜ਼ੂਰੀ 4 ਦਿਨ ਵਿੱਚ ਆ ਜਾਵੇਗੀ। ਪ੍ਰੋਜੈਕਟ ਤਹਿਤ ਇਨ੍ਹਾਂ ਟਾਪੂਆਂ ਤੇ ਨਿੱਜੀ ਕੰਪਨੀਆਂ ਵੱਲੋਂ ਰਿਜ਼ੋਰਟਸ ਬਣਾਏ ਜਾਣਗੇ। ਜਿਸ ਦੇ ਲਈ ਕਲੱਬ ਮਹਿੰਦਰਾ ਦੇ ਇਲਾਵਾ ਅਮਰੀਕਾ ਅਤੇ ਕੈਨੇਡਾ ਦੀਆਂ ਕੰਪਨੀਆਂ ਨੇ ਇਨਵੈਸਟ ਕਰ ਲਈ ਆਪਣੀ ਇੱਛਾ ਜਾਹਿਰ ਕੀਤੀ ਹੈ। ਪ੍ਰੋਜੈਕਟ ਤਿਆਰ ਹੋਣ ਦੇ ਬਾਅਦ ਝੀਲ ਵਿਖੇ ਵਾਟਰ ਸਪੋਰਟਸ, ਬੋਟਿੰਗ ਅਤੇ ਸਕਿੰਗ ਵੀ ਹੋ ਸਕੇਗੀ ਅਤੇ 2 ਟਾਪੂਆਂ ਨੂੰ ਆਪਸ ਵਿੱਚ ਜੋੜਨ ਦੇ ਲਈ ਪੁੱਲ ਦੀ ਉਸਾਰੀ ਵੀ ਕਾਰਵਾਈ ਜਾਵੇਗੀ।