ਫਰਜ਼ੀ ਈ-ਮੇਲ ਭੇਜ ਕੇ ਠੱਗੀ ਮਾਰਨ ਵਾਲੇ ਗਿਰੋਹ ਹੋਏ ਸਰਗਰਮ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 12 2018 19:13
Reading time: 2 mins, 38 secs

ਅੱਜ ਦੇ ਯੁੱਗ ਵਿੱਚ ਜਿੱਥੇ ਮਨੁੱਖ ਵੱਡੇ-ਵੱਡੇ ਅਵਿਸ਼ਕਾਰ ਕਰਕੇ ਆਪਣੇ ਜੀਵਨ ਨੂੰ ਸੁਖੀ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇ ਰਿਹਾ ਉੱਥੇ ਕੁਝ ਸ਼ਾਤਿਰ ਕਿਸਮ ਦੇ ਲੋਕ ਇਸ ਤਕਨੀਕ ਦਾ ਦੁਰਉਪਯੋਗ ਕਰਕੇ ਆਮ ਲੋਕਾਂ ਨੂੰ ਲੁੱਟਣ ਵਿੱਚ ਲੱਗੇ ਹਨ। ਵੇਖਣ ਵਿੱਚ ਆਇਆ ਹੈ ਕਿ ਅਜਿਹੇ ਠੱਗ ਗਿਰੋਹ ਦੇ ਮੈਂਬਰ ਹੁਣ ਕੰਪਿਊਟਰ ਨਾਲ ਲੋਕਾਂ ਨੂੰ ਈ.ਮੇਲ ਸੈਂਡ ਕਰਕੇ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਅਜਿਹੇ ਲੋਕਾਂ ਵੱਲੋਂ ਕੁਝ ਨਾਮਵਰ ਕੰਪਨੀਆਂ ਦੇ ਨਾਮ ਤੇ ਫਰਜ਼ੀ ਈ-ਮੇਲ ਲੋਕਾਂ ਨੂੰ ਭੇਜੀਆਂ ਜਾਂਦੀਆਂ ਹਨ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਇਸ ਕੰਪਨੀ ਦੇ ਲੱਕੀ ਡਰਾਅ ਵਿੱਚ ਤੁਹਾਡੀ ਈ-ਮੇਲ ਨੂੰ ਚੁਣਿਆ ਗਿਆ ਹੈ। ਫਰਜ਼ੀ ਈ-ਮੇਲ ਭੇਜਣ ਵਾਲੇ ਗਿਰੋਹ ਦੇ ਇਹ ਮੈਂਬਰ ਇਨ੍ਹੇ ਸ਼ਾਤਿਰ ਹੁੰਦੇ ਹਨ ਕਿ ਤੁਹਾਨੂੰ ਆਪਣੇ ਚੁੰਗਲ ਵਿੱਚ ਫਸਾਉਣ ਲਈ ਕਹਿੰਦੇ ਹਨ ਕਿ ਤੁਹਾਡਾ ਇਸ ਕੰਪਨੀ ਵੱਲੋਂ ਕਰੋੜਾ ਦਾ ਇਨਾਮ ਨਿਕਲਿਆ ਹੈ ਜਿਸ ਲਈ ਤੁਸੀਂ ਆਪਣਾ ਬੈਂਕ ਅਕਾਊਂਟ ਅਤੇ ਪੂਰਾ ਪਤਾ ਸਾਨੂੰ ਭੇਜੋ, ਜਿਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਠੱਗੀ ਦਾ ਗੋਰਖਧੰਦਾ।

ਇਹ ਠੱਗ ਕਿਸਮ ਦੇ ਲੋਗ ਬੜੇ ਹੀ ਚਲਾਕੀ ਨਾਲ ਆਮ ਜਨਤਾ ਨੂੰ ਆਪਣੇ ਝਾਂਸੇ ਵਿੱਚ ਲੈ ਲੈਂਦੇ ਹਨ ਜਿਸਦੇ ਚਲਦਿਆਂ ਕਈ ਲੋਕ ਇਨ੍ਹਾਂ ਦੇ ਦਿਖਾਏ ਸਬਜ਼ਬਾਗ ਵਿੱਚ ਫਸ ਜਾਂਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਬੈਂਕ ਅਕਾਊਂਟ ਅਤੇ ਪਤਾ ਮੰਗਵਾਉਣ ਤੋਂ ਬਾਅਦ ਇਹ ਠੱਗ ਕਿਸਮ ਦੇ ਲੋਕ ਸਟੈਪ ਬਾਈ ਸਟੈਪ ਕਹਿਣਾ ਸ਼ੁਰੂ ਕਰ ਦਿੰਦੇ ਹਨ ਕਿ ਹੁਣ ਤੁਹਾਡੇ ਅਕਾਂਉਟ ਵਿੱਚ ਨਿਕਲੀ ਲਾਟਰੀ ਦੇ ਪੈਸੇ ਟਰਾਂਸਫਰ ਕਰਨੇ ਹਨ ਇਸ ਕਰਕੇ ਦਫ਼ਤਰੀ ਫੀਸ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਵਾਸਤੇ 10 ਤੋਂ 15 ਹਜ਼ਾਰ ਰੁਪਈਆ ਸਾਡੇ ਅਕਾਊਂਟ ਵਿੱਚ ਟਰਾਂਸਫ਼ਰ ਕਰੋ, ਜੇਕਰ ਕੋਈ ਵਿਅਕਤੀ ਇਨ੍ਹਾਂ ਦੇ ਕਹਿਣ ਤੇ ਪੈਸੇ ਭੇਜ ਦਿੰਦਾ ਹੈ ਤਾਂ ਉਹ ਬਾਰ-ਬਾਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ, ਕਿਉਂਕਿ ਇਸ ਤੋਂ ਬਾਅਦ ਅਜਿਹੇ ਲੋਕ ਕਈ ਬਹਾਨੇ ਬਣਾ ਕੇ ਹੋਰ ਪੈਸਿਆਂ ਦੀ ਡਿਮਾਂਡ ਕਰਦੇ ਰਹਿੰਦੇ ਹਨ ਤੇ ਫੱਸਿਆ ਹੋਇਆ ਵਿਅਕਤੀ ਕਰੋੜਾ ਰੁਪਏ ਪ੍ਰਾਪਤ ਕਰਨ ਦੇ ਲਾਲਚ ਵਿੱਚ ਪੈਸੇ ਭੇਜਦਾ ਰਹਿੰਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਜਿਹੇ ਠੱਗ ਕਿਸਮ ਦੇ ਲੋਕਾਂ ਵੱਲੋਂ ਜਿੰਨ੍ਹਾ ਵੀ ਕੰਪਨੀਆਂ ਦੇ ਨਾਮ ਦੀਆਂ ਈ-ਮੇਲ ਭੇਜੀਆਂ ਜਾਂਦੀਆਂ ਹਨ ਅਤੇ ਜੋ ਕੁਝ ਈ-ਮੇਲ ਵਿੱਚ ਲਿਖਿਆ ਹੁੰਦਾ ਹੈ ਜ਼ਿਆਦਾਤਰ ਲੋਕ ਸਹਿਜਤਾ ਨਾਲ ਹੀ ਉਸ ਨੂੰ ਸੱਚ ਮੰਨ ਜਾਂਦੇ ਹਨ।

ਫਰਜ਼ੀ ਹੁੰਦੀਆਂ ਹਨ ਈ-ਮੇਲ ਆਈ.ਡੀ- ਅਜਿਹੇ ਲੋਕਾਂ ਜਿੰਨਾ ਵੱਲੋਂ ਈ-ਮੇਲ ਤੋਂ ਅਜਿਹੀਆਂ ਜਾਣਕਾਰੀਆਂ ਭੇਜੀਆਂ ਜਾਂਦੀਆਂ ਹਨ ਉਹ ਸਾਰੀਆਂ ਫਰਜ਼ੀ ਹੁੰਦੀਆਂ ਹਨ ਅਤੇ ਇਹ ਲੋਕ ਏਨੇ ਸ਼ਾਤਿਰ ਹੋਣ ਦੇ ਨਾਲ ਤਕਨੀਕ ਦੇ ਮਾਹਿਰ ਵੀ ਹੁੰਦੇ ਹਨ ਕਿ ਜ਼ਿਆਦਾਤਰ ਪੁਲਿਸ ਵੀ ਅਜਿਹੇ ਠੱਗਾਂ ਤੱਕ ਨਹੀਂ ਪਹੁੰਚ ਪਾਉਂਦੀ। ਜਿਸ ਕਰਕੇ ਇਹ ਬੜੀ ਹੀ ਹੁਸ਼ਿਆਰੀ ਨਾਲ ਆਪਣੀ ਠੱਗੀ ਨੂੰ ਅੰਜਾਮ ਦੇ ਦਿੰਦੇ ਹਨ।

ਕਿਥੋਂ ਆਉਂਦੀਆਂ ਹਨ ਇਨ੍ਹਾਂ ਕੋਲ ਈ-ਮੇਲਜ਼- ਦੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਲੋਕਾਂ ਕੋਲ ਤੁਹਾਡੀਆਂ ਈ-ਮੇਲ ਆਈ.ਡੀ ਕਿਥੋਂ ਆਉਂਦੀਆਂ ਹਨ, ਸਿਆਣਿਆਂ ਦਾ ਮੰਨਣਾ ਹੈ ਕਿ ਅਜਿਹੇ ਠੱਗ ਕਿਸਮ ਦੇ ਲੋਕ ਫੇਸਬੁੱਕ ਪ੍ਰੋਫਾਈਲ ਜਾਂ ਕਿਸੇ ਹੋਰ ਢੰਗ ਨਾਲ ਈ-ਮੇਲ ਆਈ.ਡੀਜ਼ ਆਸਾਨੀ ਨਾਲ ਅਰੇਂਜ ਕਰ ਲੈਂਦੇ ਹਨ ਜਿਸ ਤੇ ਇਹ ਫਰਜ਼ੀ ਈ.ਮੇਲ ਭੇਜਦੇ ਹਨ।

ਲੋਕਾਂ ਨੂੰ ਬਹੁਤ ਸੁਚੇਤ ਰਹਿਣ ਦੀ ਹੈ ਲੋੜ- ਕਿਸੇ ਵੀ ਤਰ੍ਹਾਂ ਦੀ ਠੱਗੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਸ ਦੀ ਜਾਣਕਾਰੀ ਹੋਣ ਦੇ ਨਾਲ-ਨਾਲ ਤੁਸੀਂ ਹਰ ਵੇਲ ਸੁਚੇਤ ਹੋਵੇ। ਜੇਕਰ ਕਿਸੇ ਨੂੰ ਅਜਿਹੀ ਈ-ਮੇਲ ਆਵੇ ਤਾਂ ਜਲਦਬਾਜੀ ਜਾਂ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ। ਹਮੇਸ਼ਾ ਠਰੰਮੇ ਨਾਲ ਸੋਚ ਵਿਚਾਰ ਕਰਕੇ ਸਾਰੀ ਸਥਿਤੀ ਤੋਂ ਜਾਣੂ ਹੋਣ ਤੋਂ ਬਾਅਦ ਹੀ ਕੋਈ ਸਟੈਪ ਚੁੱਕਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਪਛਤਾਉਣਾ ਨਾ ਪਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।