ਖੇਤਾਂ 'ਚ ਖੇਤੀਬਾੜੀ ਕਰਦੇ ਸਮੇਂ ਖੇਤੀਬਾੜੀ ਮਸ਼ੀਨਰੀ ਨਾਲ ਹੋਏ ਹਾਦਸਿਆਂ ਦੌਰਾਨ ਮੌਤ ਦਾ ਸ਼ਿਕਾਰ ਹੋਣ ਵਾਲੇ ਮਜ਼ਦੂਰਾਂ ਅਤੇ ਜ਼ਖਮੀ ਹੋਏ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਸਬੰਧੀ ਪਿੰਡ ਚਨਾਰਥਲ ਸਥਿਤ ਮਾਰਕਿਟ ਕਮੇਟੀ ਦਫਤਰ 'ਚ ਸਾਦਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਅਤੇ ਹਾਦਸਿਆਂ 'ਚ ਆਪਣੇ ਅੰਗ ਗੰਵਾ ਚੁੱਕੇ ਮਜ਼ਦੂਰਾਂ ਨੂੰ ਕਰੀਬ 3 ਲੱਖ 70 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਗਏ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਇੱਕ-ਇੱਕ ਵਾਅਦੇ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ ਅਤੇ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਦੇਣ ਲਈ ਪੂਰੀ ਪਾਰਦਰਸ਼ਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਵਿਕਾਸ ਨੂੰ ਤਰਜ਼ੀਹ ਦਿੱਤੀ ਹੈ, ਜਿਸ ਤੇ ਚੱਲਦੇ ਹੋਏ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਪਹਿਲੇ ਗੇੜ ਵਿੱਚ ਫ਼ਤਿਹਗੜ੍ਹ ਸਾਹਿਬ ਦੇ ਲਗਭਗ 4500 ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਆਉਣ ਵਾਲੇ ਸਮੇਂ 'ਚ 5 ਏਕੜ ਜ਼ਮੀਨ ਦੇ ਮਾਲਕਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕ ਨਾਗਰਾ ਵੱਲੋਂ ਤੇਜੀ ਸਿੰਘ ਵਾਸੀ ਪਿੰਡ ਜਿਊਣਪੁਰਾ ਨੂੰ ਟੋਕੇ ਦੀ ਮਸ਼ੀਨ ਨਾਲ ਬਾਂਹ ਕੱਟੀ ਜਾਣ ਕਾਰਨ 40 ਹਜ਼ਾਰ ਰੁਪਏ, ਅਰਸਦੀਪ ਸਿੰਘ ਵਾਸੀ ਪਿੰਡ ਸਲੇੜੀ ਖੁਰਦ ਨੂੰ ਸੱਜੀ ਬਾਂਹ ਕੱਟੀ ਜਾਣ ਕਾਰਨ 40 ਹਜ਼ਾਰ ਰੁਪਏ, ਜਗਵੀਰ ਸਿੰਘ ਪਿੰਡ ਖਰੋੜੀ ਨੂੰ ਸੱਜੇ ਹੱਥ ਦੀਆਂ ਤਿੰਨ ਉਗਲਾਂ ਅਤੇ ਖੱਬੇ ਹੱਥ ਦੀਆਂ ਦੋ ਉਂਗਲਾਂ ਕੱਟ ਜਾਣ ਕਾਰਨ 50 ਹਜ਼ਾਰ ਰੁਪਏ, ਜਗਵਿੰਦਰ ਸਿੰਘ ਵਾਸੀ ਰਿਊਣਾ ਨੀਵਾਂ ਨੂੰ ਸੱਜਾ ਹੱਥ ਕੱਟ ਹੋ ਜਾਣ ਕਾਰਨ 40 ਹਜ਼ਾਰ ਰੁਪਏ ਅਤੇ ਸਵ. ਜੁਗਿੰਦਰ ਸਿੰਘ ਵਾਸੀ ਪਿੰਡ ਰਿਊਣਾ ਉੱਚਾ ਦੀ ਕਰੰਟ ਲੱਗਣ ਦੌਰਾਨ ਮੌਤ ਹੋ ਜਾਣ ਕਾਰਨ ਉਨ੍ਹਾਂ ਦੀ ਵਾਰਸ ਸ੍ਰੀਮਤੀ ਪ੍ਰੀਤਮ ਦੇਵੀ ਨੂੰ 2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈਕ ਵੰਡੇ ਗਏ।
ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਗਗਨਦੀਪ ਸਿੰਘ, ਲੇਖਾਕਾਰ ਭੀਮ ਸਿੰਘ, ਮੰਡੀ ਸੁਪਰਵਾਈਜ਼ਰ ਕੁਲਦੀਪ ਸਿੰਘ ਤੇ ਹਰਜਿੰਦਰ ਸਿੰਘ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਬਲਜਿੰਦਰ ਸਿੰਘ ਅਤਾਪੁਰ, ਰਾਜਿੰਦਰ ਸਿੰਘ ਜਖਵਾਲੀ, ਸਵਰਨਦੀਪ ਸਿੰਘ, ਗੁਰਬਾਜ ਸਿੰਘ ਰਾਜੂ, ਨੰਬਰਦਾਰ ਰਣਜੀਤ ਸਿੰਘ, ਬੂਟਾ ਸਿੰਘ, ਹਰਕੇਵਲ ਸਿੰਘ ਨੰਬਰਦਾਰ, ਮੋਹਨ ਲਾਲ, ਭੀਮ ਸਿੰਘ ਅਤਾਪੁਰ, ਬਿੰਦਾ ਅਤਾਪੁਰ ਰਾਜ ਕੁਮਾਰ, ਸ੍ਰੀਮਤੀ ਕੁਲਵੀਰ ਕੌਰ ਆਦਿ ਤੋਂ ਇਲਾਵਾ ਹੋਰ ਲੋਕ ਮੌਜੂਦ ਸਨ।