ਅੱਜ ਸਥਾਨਕ ਬਟਾਲਾ ਕਲੱਬ ਵਿਖੇ 'ਪੰਜਾਬ ਜਰਨਲਿਸਟ ਐਸੋਸੀਏਸ਼ਨ' ਦੇ ਪ੍ਰਧਾਨ ਜੋਗਿੰਦਰ ਅੰਗੁਰਾਲਾ ਅਤੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਤ੍ਰੇਹਨ ਦੀ ਸਾਂਝੀ ਅਗਵਾਈ ਹੇਠ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਖ-ਵੱਖ ਸਮਾਚਾਰ ਪੱਤਰਾਂ ਅਤੇ ਮੀਡੀਆ ਚੈਨਲਾਂ ਨਾਲ ਸਬੰਧਿਤ ਪੱਤਰਕਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਪਬਲਿਕ ਰਿਲੇਸ਼ਨ ਅਫ਼ਸਰ ਬਟਾਲਾ ਸ. ਇੰਦਰਜੀਤ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਅੱਜ ਦੀ ਮੀਟਿੰਗ ਦੌਰਾਨ 'ਪੰਜਾਬ ਜਰਨਲਿਸਟ ਐਸੋਸੀਏਸ਼ਨ' ਦੇ ਪ੍ਰਧਾਨ ਜੋਗਿੰਦਰ ਅੰਗੁਰਾਲਾ, ਸੀਨੀਅਰ ਮੀਤ ਪ੍ਰਧਾਨ ਪਵਨ ਤ੍ਰੇਹਨ, ਜ਼ਿਲ੍ਹਾ ਪ੍ਰਧਾਨ ਅਜ਼ਾਦ ਸ਼ਰਮਾ, ਚੇਅਰਮੈਨ ਰਸ਼ਪਾਲ ਸਿੰਘ ਬਿੱਟੂ, ਦੈਨਿਕ ਜਾਗਰਣ ਦੇ ਚੀਫ਼ ਬਿਊਰੋ ਵਿਨੇ ਕੋਛੜ, ਰਿੰਕੂ ਚੌਧਰੀ ਅਤੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਚਾਵਲਾ ਆਦਿ ਨੇ ਸੰਬੋਧਨ ਕਰਦੇ ਹੋਏ ਮੌਜੂਦਾ ਸਮੇਂ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਬਾਰੇ ਹਾਜ਼ਰ ਸਮੂਹ ਪੱਤਰਕਾਰ ਸਾਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਤੋਂ ਇਲਾਵਾ ਹਾਜ਼ਰ ਪੱਤਰਕਾਰਾਂ ਵੱਲੋਂ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ 'ਪਬਲਿਕ ਰਿਲੇਸ਼ਨ ਅਫ਼ਸਰ' ਬਟਾਲਾ ਸ. ਇੰਦਰਜੀਤ ਸਿੰਘ ਬਾਜਵਾ ਨੂੰ ਛੋਟੇ ਕਸਬਿਆਂ ਦੇ ਪੱਤਰਕਾਰਾਂ ਨੂੰ ਪੀਲੇ ਕਾਰਡ ਜਾਰੀ ਕਰਨ ਅਤੇ ਪੱਤਰਕਾਰ ਭਾਈਚਾਰੇ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦੇ ਦਾਇਰੇ ਵਿੱਚ ਲਿਆਉਣ ਸਬੰਧੀ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਸੰਸਥਾ ਦੇ ਸੀਨੀਅਰ ਮੈਂਬਰਾਂ ਵੱਲੋਂ ਸਮੂਹ ਪੱਤਰਕਾਰ ਸਾਥੀਆਂ ਨੂੰ ਸਾਫ਼-ਸੁਥਰੀ ਅਤੇ ਨਿਰਪੱਖ ਪੱਤਰਕਾਰੀ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਇਹ ਵੀ ਨਿਸ਼ਚਿਤ ਕੀਤਾ ਗਿਆ ਕਿ ਸਥਾਨਕ ਪੱਤਰਕਾਰਾਂ ਵਿੱਚ ਤਾਲਮੇਲ ਵਧਾਉਣ ਅਤੇ ਪੱਤਰਕਾਰ ਭਾਈਚਾਰੇ ਦੀਆਂ ਗਤੀਵਿਧੀਆਂ ਅਤੇ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਹਰ ਮਹੀਨੇ ਇੱਕ ਮੀਟਿੰਗ ਲਾਜ਼ਮੀ ਤੌਰ ਤੇ ਹੋਵੇਗੀ।
ਇਸ ਮੌਕੇ ਧਰਮਕੋਟ ਬੱਗਾ ਤੋਂ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਅਸ਼ੋਕ ਭਗਤ ਨੂੰ 'ਪੰਜਾਬ ਜਰਨਲਿਸਟ ਐਸੋਸੀਏਸ਼ਨ' ਦੇ 'ਦਿਹਾਤੀ ਜ਼ਿਲ੍ਹਾ ਪ੍ਰਧਾਨ' ਜਦਕਿ 'ਸੱਚ ਦੀ ਪਟਾਰੀ' ਦੇ ਨੌਜਵਾਨ ਪੱਤਰਕਾਰ ਇਸ਼ੂ ਰਾਂਚਲ ਨੂੰ ਜ਼ਿਲ੍ਹਾ ਪੀ.ਆਰ.ਓ. ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਜੋਗਿੰਦਰ ਅੰਗੁਰਾਲਾ, ਪਵਨ ਤ੍ਰੇਹਨ, ਅਜ਼ਾਦ ਸ਼ਰਮਾ, ਰਸ਼ਪਾਲ ਸਿੰਘ ਬਿੱਟੂ, ਰਿੰਕੂ ਚੌਧਰੀ, ਵਿਨੇ ਕੋਛੜ, ਗੁਰਪ੍ਰੀਤ ਚਾਵਲਾ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਅਸ਼ੋਕ ਭਗਤ, ਅਭਿਸ਼ੇਕ ਗੁਪਤਾ, ਇਸ਼ੂ ਰਾਂਚਲ, ਲਵਲੀ ਕੌਸ਼ਲ ਅਤੇ ਕੁਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।