ਨਿਡਰਤਾ ਨੂੰ ਦਰਸ਼ਾਉਂਦੀ "ਐਵਰੈਸਟ" ਫਿਲਮ ਮੁੜ ਤੋਂ ਸਪੇਸ ਥੀਏਟਰ ਦੀ ਸਕਰੀਨ ਤੇ

Last Updated: Oct 12 2018 18:59
Reading time: 2 mins, 39 secs

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਨਾਮ ਤੋਂ ਬਿਨਾਂ ਅੱਜ ਦੇ ਯੁੱਗ ਵਿੱਚ ਵਿਗਿਆਨ ਤੇ ਤਕਨਾਲੋਜੀ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਪੂਰੇ ਪੰਜਾਬ ਵਿੱਚ ਸਾਇੰਸ ਸਿਟੀ ਹੀ ਇੱਕ ਅਜਿਹਾ ਅਦਾਰਾ ਹੈ, ਜੋ ਇੱਕ ਖੁਦਮੁਖਤਿਆਰ ਸੰਸਥਾ ਦੇ ਤੌਰ ਤੇ ਆਪਣੇ ਉਦੇਸ਼ਾਂ ਦੀ ਪੂਰਤੀ ਕਰਦਾ ਨਜ਼ਰ ਆ ਰਿਹਾ ਹੈ। ਸਾਇੰਸ ਸਿਟੀ ਦੀ ਵਿਜਿਟ ਹਰੇਕ ਨੌਜਵਾਨ ਦੇ ਪਾਠਕ੍ਰਮ ਦਾ ਹਿੱਸਾ ਹੋਣਾ ਚਾਹੀਦਾ ਹੈ। ਟੈਕਨੀਕਲ ਤੇ ਪੋਲੀਟੈਕਨੀਕਲ ਕਾਲਜਾਂ ਦੇ ਵਿਦਿਆਰਥੀ ਚਾਹੇ ਉਹ ਇੰਜੀਨੀਅਰਿੰਗ ਦੇ ਕਿਸੇ ਵੀ ਖੇਤਰ ਨਾਲ ਸਬੰਧਿਤ ਹੋਣ ਸਾਲ ਵਿੱਚ ਇੱਕ ਵਾਰ ਉਨ੍ਹਾਂ ਦੀ ਸਾਇੰਸ ਸਿਟੀ ਵਿਜਿਟ ਜ਼ਰੂਰ ਹੋਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਮੰਦ ਤਾਇਅਬ ਡਾਇਰੈਕਟਰ ਜਨਰਲ ਸਾਇੰਸ ਸਿਟੀ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਾਇੰਸ ਸਿਟੀ ਦੇ ਸਪੇਸ ਥੀਏਟਰ ਵਿਖੇ ਆਈਮੈਕਸ "ਐਵਰੈਸਟ" ਮੂਵੀ ਦੀ ਲਾਂਚਿੰਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਇਰੈਟਰ ਜਨਰਲ ਮੁਹੰਮਦ ਤਇਆਬ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਿਹਾ ਕਿ ਸਾਇੰਸ ਸਿਟੀ ਨੂੰ ਪੰਜਾਬ ਦੇ ਲੋਕਾਂ ਸਮੇਤ ਪੂਰੇ ਭਾਰਤ ਤੋਂ ਭਰਵਾਂ ਹੂੰਗਾਰਾ ਮਿਲ ਰਿਹਾ ਹੈ। ਜਦੋਂ 20 ਮਾਰਚ 2005 ਨੂੰ ਸਾਇੰਸ ਸਿਟੀ ਨੂੰ ਆਮ ਲੋਕਾਂ ਲਈ ਖੋਲਿਆ ਗਿਆ ਸੀ, ਉਦੋਂ ਤੋਂ ਲੈ ਕੇ ਅੱਜ ਤੱਕ 40 ਲੱਖ ਤੋਂ ਵੱਧ ਲੋਕ ਇੱਥੇ ਆ ਕੇ ਇਸ ਦਾ ਲਾਹਾ ਲੈ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਆਧੁਨਿਕ ਤਕਨੀਕ ਤੇ ਅਧਾਰਿਤ ਬਣਿਆ ਸਾਇੰਸ ਸਿਟੀ ਦਾ ਸਪੇਸ ਥੀਏਟਰ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਇੱਥੇ ਆਮ ਥੀਏਟਰ ਨਾਲੋਂ 10 ਗੁਣਾ ਵੱਡੀ ਸਕਰੀਨ ਤੇ ਫਿਲਮ ਦਿਖਾਈ ਜਾਂਦੀ ਹੈ। ਇਕ ਸਮੇਂ ਤੇ ਤਾਂ ਇਵੇਂ ਲਗਦਾ ਹੈ, ਜਿਵੇਂ ਦਰਸ਼ਕ ਵੀ ਇਸ ਫਿਲਮ ਦਾ ਹਿੱਸਾ ਹੋਣ। ਇੱਥੇ ਦਿਖਾਈ ਜਾਣ ਵਾਲੀ ਐਵਰੈਸਟ ਫਿਲਮ ਪਹਿਲਾ 2006 ਵਿੱਚ ਇੱਥੇ ਲਾਂਚ ਕੀਤੀ ਗਈ ਸੀ। ਇੱਥੇ ਆਉਣ ਵਾਲੇ ਸੈਲਾਨੀਆਂ ਦੀ ਮੰਗ ਤੇ ਹੁਣ ਇੱਥੇ ਦੁਬਾਰਾ ਅੱਜ ਐਵਰੈਸਟ ਫਿਲਮ ਨੂੰ ਲਾਂਚ ਕੀਤਾ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ "ਐਵਰੈਸਟ ਤੋਂ ਪਹਿਲਾਂ ਸਾਇੰਸ ਸਿਟੀ ਵਿਖੇ ਗ੍ਰੇਟ ਸ਼ਾਰਕ, ਅਫਰੀਕਾ ਦਿ ਸਰੰਗਟੀ, ਮਿਸਟਰੀ ਆਫਨਾਇਲ, ਐਲਪਸ, ਮੈਜਿਕ ਆਫ ਫਲਾਇਟ, ਗ੍ਰੈਂਡ ਕੈਨੀਅਨ ਐਡਵੰਚਰ, ਐਡਵੰਚਰ ਵਾਈਲਡ ਆਫ ਕੈਲੀਫੋਰਨੀਆ ਅਤੇ ਅਮਰੀਕਨ ਨੈਸ਼ਨਲ ਐਡਵੰਚਰ ਪਾਰਕ ਆਦਿ ਫਿਲਮਾਂ ਵੀ ਦਿਖਾਈਆਂ ਜਾ ਚੁੱਕੀਆਂ ਹਨ। 

ਉਨ੍ਹਾਂ ਨੇ ਕਿਹਾ ਕਿ "ਐਵਰੈਸਟ" ਫਿਲਮ ਜਿੱਥੇ ਹਿਮਾਲਿਆ ਦੀਆਂ ਚੋਟੀਆਂ ਦੀ ਖ਼ੂਬਸੂਰਤੀ ਬਿਆਨ ਕਰਦੀ ਹੈ, ਉੱਥੇ ਨਾਲ ਦੀ ਨਾਲ ਇਨ੍ਹਾਂ ਚੋਟੀਆਂ ਨੂੰ ਸਰ ਕਰਨ ਵਾਲਿਆਂ ਦੀ ਦਰਪੇਸ਼ ਚੁਣੌਤੀਆਂ ਨੂੰ ਵੀ ਇਸ ਫਿਲਮ ਵਿੱਚ ਬਹੁਤ ਹੀ ਦਿਲਚਸਪ ਤਰੀਕੇ ਨਾਲ ਦਿਖਾਇਆ ਗਿਆ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਬਰਫ ਨਾਲ ਢੱਕੀਆਂ ਚੋਟੀਆਂ ਤੇ ਆਕਸੀਜਨ ਦੀ ਘਾਟ ਕਾਰਨ ਇੱਥੇ ਸਾਨੂੰ ਸਾਹ ਲੈਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਫਿਲਮ ਆਪਣੇ ਇਰਾਦਿਆਂ ਦੇ ਪੱਕੇ ਤੇ ਨਿਡਰ, ਬੇਖੌਫ ਬੁਲੰਦ ਹੌਂਸਲੇ ਵਾਲੇ ਲੋਕਾਂ ਦੀ ਕਹਾਣੀ ਨੂੰ ਦਰਸ਼ਾਉਂਦੀ ਹੈ। ਇਸ ਫਿਲਮ ਵਿੱਚ ਸਚਾਈ ਤੇ ਅਧਾਰਿਤ ਐਵਰੈਸਟ ਦੀਆਂ ਚੋਟੀਆਂ ਸਰ ਕਰਨ ਗਏ 8 ਵਿਅਕਤੀਆਂ ਦੇ ਦੁਖਾਂਤ ਨੂੰ ਦਰਸ਼ਾਇਆ ਗਿਆ, ਜਿਨ੍ਹਾਂ ਦੀ ਤੂਫਾਨ ਕਾਰਨ 1996 ਵਿੱਚ ਮੌਤ ਹੋ ਗਈ ਸੀ। 

ਹੁਣ ਤੱਕ "ਐਵਰੈਸਟ ਚੋਟੀਆਂ ਸਰ ਕਰਨ ਗਏ ਲਗਭਗ 150 ਦੇ ਕਰੀਬ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਸ ਮੌਕੇ ਡਾਇਰੈਕਟਰ ਜਨਰਲ ਵੱਲੋਂ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਵੱਲੋਂ ਪੁਰਾਣੀ ਰੇਲਵੇ ਤਕਨੀਕ ਨੂੰ ਦਰਸਾਉਂਦੀ ਡੀਜ਼ਲ ਇੰਜਨ ਤੇ ਆਧਾਰਤ ਇੱਥੇ ਪ੍ਰਦਰਸ਼ਨੀ ਵਜੋਂ ਲਗਾਈ ਗਈ ਇੱਕ ਟੋਆਏ ਟਰੇਨ ਦਾ ਵੀ ਉਦਘਾਟਨ ਕੀਤਾ ਗਿਆ ਹੈ। ਇੱਥੇ ਦੱਸਣ ਯੋਗ ਹੈ ਕਿ ਸਾਇੰਸ ਸਿਟੀ ਵਿਖੇ ਪਹਿਲਾ ਹੀ ਪ੍ਰਦੂਸ਼ਣ ਮੁਕਤ ਇੱਕ ਟਰੈਕ ਲੈਸ ਟਰੇਨ ਵੀ ਚਲਾਈ ਗਈ ਹੈ। ਇਹ ਟੋਆਏ ਟਰੇਨ ਜਿੱਥੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ, ਉੱਥੇ ਹੀ ਨਾਲ ਦੀ ਨਾਲ ਇਹ ਨੌਜਵਾਨ ਪੀੜੀ ਨੂੰ ਰੇਲਵੇ ਵਿੱਚ ਵਰਤੀ ਜਾਣੀ ਵਾਲੀ ਪੁਰਾਤਨ ਤਕਨਾਲੌਜੀ ਤੋਂ ਵੀ ਜਾਣੂ ਕਰਵਾਏਗੀ। ਇਸ ਮੌਕੇ ਡਾਇਰੈਕਟਰ ਰਾਜੇਸ਼ ਗਰੋਵਰ, ਡਿਪਟੀ ਮੈਨੇਜਰ ਅਸ਼ਨੀ ਕੁਮਾਰ ਆਦਿ ਮੌਜੂਦ ਸਨ।