ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਐਸਐਸਪੀ ਨੇ ਕੀਤਾ ਸਨਮਾਨਿਤ

Last Updated: Oct 12 2018 18:50
Reading time: 1 min, 53 secs

ਪੁਲਿਸ ਵਿਭਾਗ 'ਚ ਆਪਣੀ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਦੇ ਸਬੰਧ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਾਦਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਇੰਪਲਾਈ ਆਫ਼ ਦਾ ਮੰਥ ਖਿਤਾਬ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸਐਸਪੀ ਅਲਕਾ ਮੀਨਾ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਇਮਾਨਦਾਰੀ ਅਤੇ ਲਗਨ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼੍ਰੀਮਤੀ ਅਲਕਾ ਮੀਨਾ ਨੇ ਕਿਹਾ ਕਿ ਪੁਲਿਸ ਵਿਭਾਗ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਧੀਆ ਕਾਰਗੁਜ਼ਾਰੀ ਦਿਖਾਉਣ ਅਤੇ ਪੂਰੀ ਨਿਸ਼ਠਾ ਨਾਲ ਆਪਣੇ ਫ਼ਰਜ਼ ਨੂੰ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਹਰੇਕ ਮਹੀਨੇ ਇੰਪਲਾਈ ਆਫ਼ ਦਾ ਮੰਥ ਖਿਤਾਬ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਵੀ ਸਨਮਾਨਿਤ ਕਰਮਚਾਰੀਆਂ ਤੋਂ ਪ੍ਰੇਰਨਾ ਲੈ ਕੇ ਹੋਰ ਵਧੀਆ ਕਾਰਗੁਜ਼ਾਰੀ ਦਿਖਾਉਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਵੀ ਇੱਕ ਦਿਨ ਅਜਿਹਾ ਸਨਮਾਨ ਹਾਸਲ ਹੋ ਸਕੇ।

ਐਸਐਸਪੀ ਅਲਕਾ ਮੀਨਾ ਨੇ ਦੱਸਿਆ ਕਿ ਸਮੂਹ ਥਾਣਿਆਂ ਅਤੇ ਹੋਰ ਵਿੰਗਾਂ ਵਿੱਚੋਂ ਚੰਗਾ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਨਾਮ ਜ਼ਿਲ੍ਹੇ ਦੀ ਨਿਰੀਖਣ ਕਮੇਟੀ ਨੂੰ ਭੇਜੇ ਜਾਂਦੇ ਹਨ ਅਤੇ ਕਮੇਟੀ ਵੱਲੋਂ ਉਸ ਵਿੱਚੋਂ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀ ਜਾਂ ਕਰਮਚਾਰੀ ਦੀ ਸ਼ਨਾਖ਼ਤ ਕਰਨ ਉਪਰੰਤ ਉਨ੍ਹਾਂ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਗਸਤ ਮਹੀਨੇ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਵਿੱਚੋਂ ਸਹਾਇਕ ਥਾਣੇਦਾਰ ਗੁਰਮੀਤ ਕੁਮਾਰ ਨੂੰ ਥਾਣਾ ਸਰਹਿੰਦ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਨਾਈਜੀਰੀਅਨ ਨਾਗਰਿਕ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ 55 ਗ੍ਰਾਮ ਹੈਰੋਇਨ ਬਰਾਮਦ ਕਰਨ ਬਦਲੇ, ਸਹਾਇਕ ਥਾਣੇਦਾਰ ਜਸਪਾਲ ਸਿੰਘ ਨੂੰ ਐਕਸਾਈਜ਼ ਐਕਟ ਦੇ ਦੋ ਅਤੇ ਐਨਡੀਪੀਐਸ ਐਕਟ ਦੇ ਦੋ ਮੁਕੱਦਮਿਆਂ ਵਿੱਚ ਵੱਡੀ ਪੱਧਰ ਤੇ ਬਰਾਮਦਗੀ ਕਰਨ ਬਦਲੇ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਿਪਾਹੀ ਹਰਜੀਤ ਸਿੰਘ ਨੂੰ ਐਨਡੀਪੀਐਸ ਐਕਟ ਦੇ ਤਿੰਨ ਮੁਕੱਦਮਿਆਂ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਟੀਕੇ ਬਰਾਮਦ ਕਰਨ ਤੋਂ ਇਲਾਵਾ ਗੁੰਮਸ਼ੁਦਾ ਔਰਤ ਜਸਵੀਰ ਕੌਰ ਪਤਨੀ ਕੁਲਦੀਪ ਸਿੰਘ ਨੂੰ ਬੱਚੀ ਅਵਨੀਤ ਕੌਰ ਸਮੇਤ ਭਾਲ ਕਰਨ ਤੇ ਅਤੇ ਸਰਜੈਂਟ ਪੀ.ਐਚ ਜੀ ਸਲਾਮਦੀਨ ਨੂੰ ਡਿਊਟੀ ਦੌਰਾਨ ਚਨਾਰਥਲ ਕਲਾਂ ਵਿਖੇ ਨਹਿਰ ਵਿੱਚ ਡਿੱਗੀ ਗਾਂ ਨੂੰ ਖੁਦ ਨਹਿਰ ਵਿੱਚ ਛਾਲ ਮਾਰ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਗਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਦੇ ਬਦਲੇ ਇੰਪਲਾਈ ਆਫ਼ ਦਾ ਮੰਥ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਐਸ.ਪੀ (ਐਚ) ਰਵਿੰਦਰਪਾਲ ਸਿੰਘ ਸੰਧੂ, ਐਸ.ਪੀ (ਡੀ) ਹਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।