ਡੀਜ਼ਲ ਤੇ ਪੈਟਰੋਲ ਦੇ ਬੇਤਹਾਸ਼ਾ ਰੇਟ ਵਧਾ ਕੇ ਮੋਦੀ ਸਰਕਾਰ ਨੇ ਲੋਕਾਂ ਦਾ ਕੀਤਾ ਬੁਰਾ ਹਾਲ- ਐਮਐਲਏ ਢਿੱਲੋਂ

Last Updated: Oct 12 2018 18:46
Reading time: 1 min, 26 secs

ਕੇਂਦਰ ਦੀ ਸੱਤਾ ਤੇ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਸਰਕਾਰ ਨੇ ਮਹਿੰਗਾਈ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ ਅਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਕਰਕੇ ਆਪਣੇ ਕੁਝ ਨਜ਼ਦੀਕੀ ਵਪਾਰਕ ਘਰਾਣਿਆਂ ਨੂੰ ਰੋਜ਼ਾਨਾ ਕਰੋੜਾਂ ਦਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਜਦਕਿ ਦੇਸ਼ ਦੀ ਜਨਤਾ ਦਾ ਇਸ ਸਰਕਾਰ ਨੇ ਬੁਰਾ ਹਾਲ ਕਰ ਦਿੱਤਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਨਾਜ ਮੰਡੀ ਮਾਛੀਵਾੜਾ ਸਾਹਿਬ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸ਼ਕਤੀ ਆਨੰਦ ਦੇ ਦਫ਼ਤਰ ਵਿਖੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ।

ਇਸ ਮੌਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਭਾਜਪਾ ਕੇਂਦਰ ਦੀ ਸੱਤਾ 'ਚ ਨਹੀਂ ਆਈ ਸੀ ਤਾਂ ਉਸ ਸਮੇਂ ਨਰਿੰਦਰ ਮੋਦੀ ਵੱਡੇ-ਵੱਡੇ ਲੱਛੇਦਾਰ ਭਾਸ਼ਣ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਕਿ ਭਾਜਪਾ ਸਰਕਾਰ ਬਣਨ ਤੇ ਦੇਸ਼ ਦਾ ਵਿਕਾਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣਗੀਆਂ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਧਾ ਦਿੱਤੇ ਜਾਣਗੇ। ਪਰ ਹੁਣ ਹਾਲਾਤ ਇਹ ਹਨ ਕਿ ਪੈਟਰੋਲੀਅਮ ਪਦਾਰਥਾਂ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ ਜਿਸਦਾ ਸਿੱਧਾ ਅਸਰ ਪੰਜਾਬ ਦੀ ਕਿਸਾਨੀ 'ਤੇ ਪੈ ਰਿਹਾ ਹੈ ਜਦਕਿ ਫਸਲਾਂ ਦੇ ਭਾਅ ਨਾਮਾਤਰ ਵਧਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਿਧਾਇਕ ਢਿੱਲੋਂ ਨੇ ਕਿਹਾ ਕਿ ਦੇਸ਼ ਦੀ ਜਨਤਾ ਹੁਣ ਮੋਦੀ ਤੇ ਉਸਦੇ ਸਾਥੀ ਅਕਾਲੀ-ਭਾਜਪਾ ਆਗੂਆਂ ਦੇ ਝੂਠੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆਏਗੀ ਅਤੇ ਲੋਕ ਕੇਂਦਰ ਦੀ ਭਾਜਪਾ ਦੀ ਸਰਕਾਰ ਤੋਂ ਦੁਖੀ ਹੋ ਕੇ 2019 ਦੀਆਂ ਲੋਕ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਕਰਾਰੀ ਹਾਰ ਦੇ ਕੇ ਸਬਕ ਸਿਖਾਇਆ ਜਾ ਸਕੇ।

ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਸਰਪ੍ਰਸਤ ਸੋਹਣ ਲਾਲ ਸ਼ੇਰਪੁਰੀ, ਕਾਂਗਰਸ ਦੇ ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਕ੍ਰਿਸ਼ਨ ਲਾਲ ਕਾਲੜਾ ਆਦਿ ਤੋਂ ਇਲਾਵਾ ਹੋਰ ਅਹੁੱਦੇਦਾਰ ਅਤੇ ਵਰਕਰ ਵੀ ਮੌਜ਼ੂਦ ਸਨ।