ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਦੋ ਹਫ਼ਤੇ ਦਾ ਸਪੈਸ਼ਲ ਡੇਅਰੀ ਸਿਖਲਾਈ ਕੋਰਸ ਹੋਇਆ ਖਤਮ

Last Updated: Oct 12 2018 18:42
Reading time: 1 min, 9 secs

ਰਾਮਵੀਰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲਕੈਸ ਮਲਿਕਪੁਰ (ਪਠਾਨਕੋਟ) ਵਿਖੇ ਦੋ ਹਫ਼ਤੇ ਦੀ ਸਪੈਸ਼ਲ ਡੇਅਰੀ ਸਿਖਲਾਈ ਦਾ ਕੋਰਸ ਮਿਤੀ 1/10/2018 ਤੋਂ 12/10/2018 ਤੱਕ ਆਯੋਜਨ ਕੀਤਾ ਗਿਆ। ਇਹ ਸਿਖਲਾਈ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਪਸ਼ੂ ਪਾਲਣ, ਮਿਲਕਫੈਡ, ਨਾਬਾਰਡ ਅਤੇ ਬੈਂਕਾਂ ਦੇ ਸਹਿਯੋਗ ਨਾਲ ਚਲਾਇਆ ਗਿਆ। ਇਸ ਕੈਂਪ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ ਗੋਰਾਇਆ ਨੇ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਵਿਭਾਗੀ ਸਕੀਮਾਂ, ਗਤੀਵਿਧੀਆਂ ਅਤੇ ਵਿਭਾਗ ਵੱਲੋਂ ਡੇਅਰੀ ਫਾਰਮਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਸਿਖਲਾਈ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵਿਸ਼ਾ ਮਾਹਿਰ ਡਾ: ਸੁਰਿੰਦਰ ਸਿੰਘ ਵੱਲੋਂ ਪਸ਼ੂਆਂ ਦੀਆਂ ਨਸਲਾਂ, ਪਰਖ, ਨਸਲ ਸੁਧਾਰ ਦੇ ਤਰੀਕੇ, ਰਿਪੀਟ ਬਰੀਡਿੰਗ ਦੀ ਸਮੱਸਿਆ ਅਤੇ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲਮੰਤਰ ਆਦਿ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ। ਪਸ਼ੂ ਪਾਲਣ ਵਿਭਾਗ ਦੇ ਵੱਖ-ਵੱਖ ਮਾਹਿਰ ਵੈਟਰਨਰੀ ਅਫ਼ਸਰਾਂ ਵੱਲੋਂ ਮਨਸੂਈ ਗਰਭਦਾਨ, ਲੇਵੇ ਦੀਆਂ ਬਿਮਾਰੀਆਂ, ਨਸਲ ਸੁਧਾਰ ਦੀ ਮਹੱਤਤਾ, ਪਸ਼ੂਆਂ ਨੂੰ ਕਿਰਮ ਰਹਿਤ ਕਰਨਾ, ਸੂਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਆਦਿ ਵਿਸ਼ਿਆਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮਿਲਕਫੈਡ ਦੇ ਵਿਸ਼ਾ ਮਾਹਿਰਾਂ ਵੱਲੋਂ ਦੁੱਧ ਦੇ ਸੁਚੱਜੇ ਮੰਡੀਕਰਨ ਕਰਨ, ਦੁੱਧ ਸਭਾ ਦੀ ਬਣਤਰ ਅਤੇ ਕੰਮ ਕਰਨ ਦੇ ਢੰਗ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਲੀਡ ਬੈਕ, ਸਟੇਟ ਬੈਂਕ ਅਤੇ ਪੰਜਾਬ ਗਰਾਮੀਣ ਬੈਂਕ ਦੇ ਨੁਮਾਇੰਦਿਆਂ ਵੱਲੋਂ ਪਸ਼ੂਆਂ ਦੀ ਖਰੀਦ ਅਤੇ ਡੇਅਰੀ ਮਸ਼ੀਨਰੀ ਦੀ ਖਰੀਦ ਲਈ ਦਿੱਤੀ ਜਾਂਦੀ ਵਿੱਤੀ ਸਹਾਇਤਾ ਅਤੇ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਦੌਰਾਨ ਫਾਰਮਰਾਂ ਨੂੰ ਮਿਲਕ ਪਲਾਂਟ ਗੁਰਦਾਸਪੁਰ ਅਤੇ ਕਾਮਯਾਬ ਡੇਅਰੀ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ।