ਦ੍ਰਿਸ਼ਟੀ ਨਾਲ ਸਬੰਧੀ ਸਮੱਸਿਆਵਾਂ ਤੋਂ ਜਾਗਰੂਕ ਹੋਣਾ ਜ਼ਰੂਰੀ: ਸਿਵਲ ਸਰਜਨ

Last Updated: Oct 12 2018 17:42

ਅੱਖਾਂ ਬਿਨਾਂ ਇਸ ਸੁੰਦਰ ਦੁਨੀਆ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਵਿਸ਼ਵ ਦ੍ਰਿਸ਼ਟੀ ਦਿਵਸ ਦੇ ਸਬੰਧ ਵਿੱਚ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਇੱਕ ਸਰਵੇ ਮੁਤਾਬਕ ਭਾਰਤ ਵਿੱਚ ਸਭ ਤੋਂ ਜ਼ਿਆਦਾ ਅੰਨੇਪਨ ਨਾਲ ਸ਼ਿਕਾਰ ਲੋਕ ਰਹਿੰਦੇ ਹਨ, ਜਦਕਿ ਸਚਾਈ ਇਹ ਹੈ ਕਿ 80 ਫੀਸਦੀ ਮਾਮਲਿਆਂ ਵਿੱਚ ਸਮੇਂ ਰਹਿੰਦਿਆਂ ਇਲਾਜ ਕਰਵਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦਾ ਉਦੇਸ਼ ਵਿਜ਼ਨ 2020 ਦੇ ਤਹਿਤ ਲੋਕਾਂ ਨੂੰ ਅੰਨੇਪਨ ਦੇ ਨਾਲ-ਨਾਲ ਦ੍ਰਿਸ਼ਟੀ ਸਬੰਧੀ ਹੋਰ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨਾ ਹੈ। ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈੱਸ ਦੇ ਜ਼ਿਲ੍ਹਾ ਨੋਡਲ ਅਫਸਰ ਤੇ ਅੱਖਾਂ ਦੇ ਮਾਹਰ ਡਾ. ਸੰਦੀਪ ਧਵਨ ਨੇ ਦੱਸਿਆ ਕਿ ਬਲਾਈਂਡਨੈੱਸ ਦਾ ਮੁੱਖ ਕਾਰਣ ਕੈਟਰੈਕਟ, ਗਲੂਕੋਮਾ, ਡਾਇਬਿਟਿਕ ਰੈਟੀਨੋਪੈਥੀ ਅਤੇ ਕਾਰਨੀਅਲ ਬਲਾਈਂਡਨੈੱਸ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਵਿਸ਼ਵ ਵਿੱਚ 285 ਮਿਲੀਅਨ ਲੋਕ ਅੰਨੇਪਨ ਦਾ ਸ਼ਿਕਾਰ ਹਨ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਅੰਨੇਪਨ ਦਾ ਕਾਰਣ ਜਾਗਰੂਕਤਾ ਦੀ ਕਮੀ ਵੀ ਹੈ। ਜ਼ਿਆਦਾਤਰ ਲੋਕ ਮੋਤੀਆ ਦੇ ਇਲਾਜ ਅਤੇ ਆਪਰੇਸ਼ਨ ਨੂੰ ਲੈ ਕੇ ਜਾਗਰੂਕ ਨਹੀਂ ਹਨ। ਮੋਤੀਆਬਿੰਦ ਦੀ ਸਰਜਰੀ ਕਰਵਾਉਣ ਤੋਂ ਪਹਿਲਾਂ ਲੋਕ ਇਸ ਦੇ ਪੱਕਣ ਦਾ ਇੰਤਜ਼ਾਰ ਕਰਦੇ ਹਨ, ਜਿਸ ਕਾਰਣ ਕਈ ਵਾਰ ਸਥਿਤੀ ਬਦਤਰ ਹੋ ਜਾਂਦੀ ਹੈ ਤੇ ਅੱਖਾਂ ਦੀ ਰੋਸ਼ਣੀ ਚਲੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਚਰਣ ਵਿੱਚ ਇਸ ਦੀ ਸਰਜਰੀ ਕੀਤੀ ਜਾ ਸਕਦੀ ਹੈ। ਇਹੀ ਨਹੀਂ, ਵਿਟਾਮਿਨ-ਏ ਦੀ ਕਮੀ ਵੀ ਅੰਨੇਪਨ ਦਾ ਕਾਰਨ ਬਣਦੀ ਹੈ। ਉਨ੍ਹਾਂ ਲੋਕਾਂ ਨੂੰ ਸੰਤੁਲਤ ਭੋਜਨ ਦਾ ਸੇਵਨ ਕਰਨ, ਅੱਖਾਂ ਨੂੰ ਸੂਰਜ ਦੀ ਸਿੱਧੀ ਰੋਸ਼ਣੀ ਤੋਂ ਬਚਾਉਣ, ਖਤਰਨਾਕ ਕੰਮ ਵਾਲੀਆਂ ਥਾਵਾਂ ਤੇ ਅੱਖਾਂ ਨੂੰ ਬਚਾਉਣ ਲਈ ਸੁਰੱਖਿਆ ਚਸ਼ਮਾ ਪਾਉਣ, ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਣ ਲਈ ਪ੍ਰੇਰਿਆ।