...ਤੇ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਖਾਦ ਪਦਾਰਥਾਂ ਦੇ ਲਏ ਗਏ 108 ਸੈਂਪਲਾਂ 'ਚੋਂ 42 ਹੋਏ ਫੇਲ੍ਹ..!!

Last Updated: Oct 12 2018 17:39

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਵੱਲੋਂ ਮਹੀਨਾ ਅਗਸਤ ਅਤੇ ਸਤੰਬਰ 2018 ਦੌਰਾਨ ਖਾਣ ਪੀਣ ਵਾਲੀਆਂ ਵਸਤਾਂ ਦੇ 108 ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 42 ਸੈਂਪਲ ਲੈਬੋਰਟਰੀ ਵਿੱਚ ਟੈਸਟ ਦੌਰਾਨ ਫੇਲ੍ਹ ਪਾਏ ਗਏ ਹਨ। ਇਹ ਜਾਣਕਾਰੀ ਪ੍ਰੈੱਸ ਕਾਨਫਰੰਸ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਸੁਰਿੰਦਰ ਕੁਮਾਰ ਨੇ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਫੇਲ੍ਹ ਸੈਂਪਲਾਂ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਫੇਲ੍ਹ ਪਾਏ ਗਏ। ਇਕੱਲੇ ਖੋਏ ਦੇ 10 ਸੈਂਪਲਾਂ ਵਿੱਚੋਂ 8 ਸੈਂਪਲ ਫੇਲ੍ਹ ਪਾਏ ਗਏ ਹਨ। 

ਇਸ ਤੋਂ ਇਲਾਵਾ ਸਰ੍ਹੋਂ ਦੇ ਤੇਲ ਦੇ 4 ਸੈਂਪਲ ਅਤੇ ਫਲਾਂ ਦੇ 8 ਸੈਂਪਲ ਵੀ ਫੇਲ੍ਹ ਪਾਏ ਗਏ ਹਨ। 42 ਫੇਲ੍ਹ ਸੈਂਪਲਾਂ ਵਿੱਚੋਂ 38 ਸੈਂਪਲ ਸਬ ਸਟੈਂਡਰਡ, ਮਿਸ ਬਰੈਂਡਰਡ ਪਾਏ ਗਏ ਅਤੇ 4 ਸੈਂਪਲ ਅਣਸੇਫ ਪਾਏ ਗਏ ਹਨ। ਜਿਨ੍ਹਾਂ ਦੇ ਸੈਂਪਲ ਫੇਲ੍ਹ ਪਾਏ ਗਏ ਹਨ, ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿ ਜੇਕਰ ਉਹ ਸੈਂਪਲ ਦਾ ਦੂਜਾ ਭਾਗ ਵਿਭਾਗ ਰੈਫਰ ਲੈਬੋਰਟਰੀ ਤੋਂ ਟੈਸਟ ਕਰਵਾਉਣਾ ਚਾਹੁੰਦੇ ਹਨ ਤਾਂ ਸਿਵਲ ਸਰਜਨ ਦਫ਼ਤਰ ਨਾਲ ਸੰਪਰਕ ਕਰਨ। ਸੰਪਰਕ ਨਾ ਕਰਨ ਤੇ ਇੱਕ ਮਹੀਨੇ ਬਾਅਦ ਇਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। 

ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਮਿਲਾਵਟ ਖੋਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖਾਣ ਪੀਣ ਵਾਲੀਆਂ ਵਸਤੂਆਂ ਦੀ ਸੈਂਪਲਿੰਗ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਰੰਗ ਵਾਲੀਆਂ ਮਿਠਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਖਾਣ ਪੀਣ ਵਾਲੀਆਂ ਸਾਫ਼ ਸੁਥਰੀਆਂ ਵਸਤੂਆਂ ਹੀ ਖਾਦੀਆਂ ਜਾਣ। ਤਿਉਹਾਰ ਦੇ ਸੀਜ਼ਨ ਦੌਰਾਨ ਮਿਠਾਈਆਂ ਦੀ ਮੰਗ ਵੱਧਣ ਕਾਰਨ ਇਨ੍ਹਾਂ ਵਿੱਚ ਮਿਲਾਵਟ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਇਸ ਲਈ ਤਿਉਹਾਰਾਂ ਦੌਰਾਨ ਮਿਠਾਈਆਂ ਤੋਂ ਪਰਹੇਜ਼ ਕੀਤਾ ਜਾਵੇ।