Loading the player...

ਪਹਿਲਾਂ ਖੇਤਾਂ ਵਿੱਚ ਤੇ ਹੁਣ ਮੰਡੀ ਵਿਖੇ ਕਿਸਾਨਾਂ ਦੀ ਫਸਲ ਹੋ ਰਹੀ ਖਰਾਬ (ਨਿਊਜ਼ਨੰਬਰ ਖਾਸ ਖਬਰ)

Last Updated: Oct 12 2018 17:23

ਜ਼ਿਲ੍ਹਾ ਪਠਾਨਕੋਟ ਵਿਖੇ ਮੰਡੀ ਬੋਰਡ ਵੱਲੋਂ ਕਿਸਾਨਾਂ ਦੀ ਫਸਲ ਲਈ ਕੀਤੇ ਪ੍ਰਬੰਧਾਂ ਦੀ ਪੋਲ ਉਸ ਵੇਲੇ ਖੁੱਲ ਕੇ ਸਾਹਮਣੇ ਆਈ ਜਦ ਰਾਤ ਨੂੰ ਹੋਈ ਬਰਸਾਤ ਦੇ ਬਾਅਦ ਕਿਸਾਨਾਂ ਦੀ ਫਸਲ ਭਿੱਜ ਕੇ ਖਰਾਬ ਹੋ ਗਈ। ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਪਠਾਨਕੋਟ ਦੀ ਸਰਨਾ ਮੰਡੀ ਦੀ, ਜਿੱਥੇ ਆੜ੍ਹਤੀਆਂ ਵੱਲੋਂ ਖੁੱਲੇ ਅਸਮਾਨ ਦੇ ਹੇਠਾਂ ਕੱਚੇ ਫੜ ਲਗਾਏ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਜੇਕਰ ਬਰਸਾਤ ਹੁੰਦੀ ਹੈ ਤਾਂ ਫਸਲਾਂ ਨੂੰ ਬਚਾਉਣ ਦੇ ਲਈ ਇਨ੍ਹਾਂ ਆੜ੍ਹਤੀਆਂ ਵੱਲੋਂ ਕੀ ਪ੍ਰਬੰਧ ਕੀਤੇ ਗਏ ਹਨ। ਦੱਸਦੇ ਚੱਲੀਏ ਕਿ ਜਦ ਨਿਊਜ਼ਨੰਬਰ ਦੀ ਟੀਮ ਨੇ ਇਸ ਮੰਡੀ ਦਾ ਦੌਰਾ ਕੀਤਾ ਤਾਂ ਫਸਲ ਨੂੰ ਬਚਾਉਣ ਦੇ ਲਈ ਨਾ ਤਾਂ ਲੱਕੜੀ ਦੇ ਕਰੇਟ ਵਿਖਾਈ ਦਿੱਤੇ, ਜਿਨ੍ਹਾਂ ਉੱਤੇ ਬਰਸਾਤ ਤੋਂ ਬਚਾਉਣ ਲਈ ਫਸਲ ਦੀਆਂ ਬੋਰੀਆਂ ਨੂੰ ਰੱਖਿਆ ਜਾਂਦਾ ਹੈ ਅਤੇ ਜੇਕਰ ਗੱਲ ਕਰੀਏ ਫਸਲ ਨੂੰ ਬਰਸਾਤ ਤੋਂ ਬਚਾਉਣ ਲਈ ਤਰਪਾਲ ਦੀ ਤਾਂ ਉਸਦੇ ਵੀ ਪੁਖਤਾ ਪ੍ਰਬੰਧ ਵੇਖਣ ਨੂੰ ਨਹੀਂ ਮਿਲੇ।

ਬਰਸਾਤ ਦੀ ਵਜ੍ਹਾ ਨਾਲ ਖਰਾਬ ਹੋਈ ਫਸਲ ਦੇ ਚਲਦੇ ਜਦ ਨਿਊਜ਼ਨੰਬਰ ਦੀ ਟੀਮ ਨੇ ਇਸ ਮੰਡੀ ਵਿਖੇ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਡੀ ਵਿੱਚ ਪ੍ਰਬੰਧ ਦੀ ਕਮੀ ਨੂੰ ਮੰਨਦੇ ਹੋਏ ਕਿਹਾ ਕਿ ਮੰਡੀ ਵਿਖੇ ਪੁਖਤਾ ਪ੍ਰਬੰਧ ਨਾ ਹੋਣ ਦੀ ਵਜ੍ਹਾ ਨਾਲ ਫਸਲ ਖਰਾਬ ਹੋਈ ਹੈ ਅਤੇ ਜਦ ਇਸ ਬਾਰੇ ਮੰਡੀ ਦੇ ਆੜ੍ਹਤੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਮਾਂ ਰਹਿੰਦੇ ਮੰਡੀ ਤੋਂ ਗਾਇਬ ਹੋ ਗਏ।

ਦੂਜੇ ਪਾਸੇ ਪ੍ਰਬੰਧਾਂ ਦੀ ਕਮੀ ਦੇ ਚਲਦੇ ਜਦ ਨਿਊਜ਼ਨੰਬਰ ਦੀ ਟੀਮ ਨੇ ਮੰਡੀ ਬੋਰਡ ਦੇ ਸੈਕਟਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਡੀ ਵਿਖੇ ਫਸਲ ਦੇ ਹੋਏ ਨੁਕਸਾਨ ਨੂੰ ਮੰਨਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਜਗ੍ਹਾ ਨਾ ਹੋਣ ਦੀ ਵਜ੍ਹਾ ਨਾਲ ਮੰਡੀ ਕੱਚੀ ਹੈ ਜਿਸ ਕਾਰਨ ਫਸਲ ਖਰਾਬ ਹੋਈ ਹੈ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਦਾ ਹੋਕਾ ਭਰਿਆ ਜਾ ਰਿਹਾ ਹੈ ਪਰ ਜ਼ਿਲ੍ਹਾ ਪਠਾਨਕੋਟ ਵਿਖੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ, ਜਿਸਦੀ ਮਾਰ ਕਿਸਾਨਾਂ ਨੂੰ ਝੇਲਣੀ ਪੈ ਰਹੀ ਹੈ।