ਪੰਚਾਇਤੀ ਜ਼ਮੀਨਾਂ ਤੇ ਇਸ ਸਾਲ ਹੁਣ ਤੱਕ ਲਗਭਗ 20 ਲੱਖ ਪੌਦੇ ਲਗਾਏ ਗਏ: ਤ੍ਰਿਪਤ ਬਾਜਵਾ

Last Updated: Oct 12 2018 17:10
Reading time: 1 min, 35 secs

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਈ ਗਈ ਤੰਦਰੁਸਤ ਮੁਹਿੰਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵੀ ਚਾਲੂ ਮਾਲੀ ਸਾਲ ਵਿੱਚ ਮਨਰੇਗਾ ਸਕੀਮ ਅਧੀਨ ਪੰਚਾਇਤੀ ਜ਼ਮੀਨਾਂ ਤੇ ਹੁਣ ਤੱਕ ਲਗਭਗ 20 ਲੱਖ ਪੌਦੇ ਲਗਾਏ ਗਏ ਹਨ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਲਗਭਗ 7909 ਏਕੜ ਪੰਚਾਇਤੀ ਰਕਬਾ ਪੌਦਿਆਂ ਅਧੀਨ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਇਹ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਲਾਏ ਗਏ ਪੌਦਿਆਂ ਦੀ ਪੂਰੀ ਤਰ੍ਹਾਂ ਦੇਖਭਾਲ ਕੀਤੀ ਜਾਵੇ ਤਾਂ ਕਿ ਇਹ ਪੌਦੇ ਮਰ ਨਾ ਜਾਣ।  

ਸ. ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਮਿਲਾਵਟੀ ਸਮਾਨ ਅਤੇ ਨਸ਼ਿਆਂ ਦੇ ਖਿਲਾਫ਼ ਛੇੜੀ ਮੁਹਿੰਮ ਦੇ ਨਾਲੋਂ ਨਾਲ ਸਾਡੇ ਵਾਤਾਵਰਨ ਅਤੇ ਆਬੋ ਹਵਾ ਨੂੰ ਸਾਫ਼ ਸੁਥਰਾ ਬਣਾਉਣ ਲਈ ਸੂਬੇ ਭਰ ਵਿੱਚ ਪੌਦੇ ਲਗਾਉਣ ਦੀ ਵਿਆਪਕ ਮੁਹਿੰਮ ਅਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ ਪੌਦੇ ਲਗਾਏ ਹੀ ਨਹੀਂ ਜਾਣਗੇ ਬਲਕਿ ਇੰਨਾਂ ਨੂੰ ਪਾਲਣ ਲਈ ਪਾਣੀ ਦੇਣ ਅਤੇ ਸੰਭਾਲਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਪੰਚਾਇਤ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੇ ਅਧੀਨ ਟਾਹਲੀ, ਟੁਨ, ਕਿੱਕਰ, ਖੈਰ, ਬਰਮਾ ਨੀਮ, ਬੋਹਰ, ਈਮਲੀ, ਬੋਤਲ ਬਰਸ਼, ਅਰਜਨ, ਜਾਮੂਨ, ਅਮਰੂਦ, ਪਿੱਪਲ, ਮਲਬਰੀ, ਸੁਖਚੈਨ, , ਅੰਬ, ਕਦਮ, ਸੁਹਨਜ਼ਨਾ, ਹਬਿਸਕਸ, ਬੋਗਨਵਿਲਾ, ਬੇਰੀ, ਕਨੇਰ, ਗੁਲਮੋਹਰ ਅਤੇ ਧਰੇਕ ਆਦਿ ਕਿਸਮਾਂ ਦੇ ਰੁੱਖ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਪਿੰਡਾਂ ਵਿੱਚ ਬਾਕੀ ਸਾਂਝੀਆਂ ਥਾਵਾਂ ਜਿਵੇਂ ਕਿ ਸਕੂਲ, ਸ਼ਮਸ਼ਾਨ ਘਾਟ ਅਤੇ ਪੇਂਡੂ ਜਲ ਘਰ ਆਦਿ 'ਤੇ ਹੁਣ ਤੱਕ ਲਗਭਗ 9 ਲੱਖ ਪੌਦੇ ਲਗਾਏ ਜਾ ਚੁੱਕੇ ਹਨ।

ਸ. ਬਾਜਵਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਗਲੇ ਸਾਲ ਪੌਦੇ ਲਗਾਉਣ ਲਈ ਹੁਣ ਤੋਂ ਹੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨਰੇਗਾ ਅਧੀਨ 79.70 ਲੱਖ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਵੀ ਯੋਗਦਾਨ ਲਿਆ ਜਾ ਰਿਹਾ ਹੈ। ਜਿਸ ਦੇ ਤਹਿਤ ਜ਼ਿਲ੍ਹਾ ਜਲੰਧਰ ਵਿੱਚ ਪਿੰਡ ਸੀਚੇਵਾਲ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਨਿਗਰਾਨੀ ਵਿੱਚ ਪੰਚਾਇਤੀ/ਡੀ.ਐਫ.ਓ. ਰਾਹੀਂ ਪੰਜ ਲੱਖ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ।