ਪੈਟਰੋਲ ਅਤੇ ਡੀਜ਼ਲ ਦੇ ਮੁੱਲ ਘਟਾਏ ਕੈਪਟਨ ਸਰਕਾਰ.!!

Last Updated: Oct 12 2018 15:26
Reading time: 1 min, 5 secs

ਪੈਟਰੋਲ ਅਤੇ ਡੀਜ਼ਲ ਤੋਂ ਮੋਦੀ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾ ਕੇ ਭਾਰਤ ਵਾਸੀਆਂ ਨੂੰ ਕੁਝ ਰਾਹਤ ਦਿੱਤੀ ਹੈ, ਹੁਣ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ਦੇ ਰੇਟ ਪੰਜਾਬ ਵਿੱਚ ਘਟਾਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕੀਤਾ। ਜਿੰਦੂ ਨੇ ਕਿਹਾ ਕੇਂਦਰ ਸਰਕਾਰ ਨੇ ਪੈਟਰੋਲ ਡੀਜ਼ਲ 'ਤੇ ਵੱਡਾ ਫ਼ੈਸਲਾ ਲੈਂਦੇ ਹੋਏ ਐਕਸਾਈਜ਼ ਡਿਊਟੀ ਘੱਟ ਕੀਤੀ ਹੈ। ਇਸ ਨਾਲ 1.5 ਰੁਪਏ ਕੇਂਦਰ ਸਰਕਾਰ ਅਤੇ 1 ਰੁਪਏ ਤੇਲ ਕੰਪਨੀਆਂ ਦੇ ਹਿੱਸੇ ਨਾਲ ਕਟੌਤੀ ਕੀਤੀ ਗਈ ਹੈ। ਇਸ ਤਰ੍ਹਾਂ ਸਰਕਾਰ ਨੇ ਪੈਟਰੋਲ ਡੀਜ਼ਲ ਦੋਵਾਂ ਦੀ ਕੀਮਤ 'ਚ 2.5 ਰੁਪਏ ਘਟਾਏ ਹਨ। 

ਉਨ੍ਹਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਦੋਸ਼ ਮੜਦਿਆਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਧੌਖਾ ਕਰ ਰਹੀ ਹੈ। ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਨੇ ਤਾਂ ਘਟਾ ਦਿੱਤੀ ਹੈ, ਹੁਣ ਪੰਜਾਬ ਵਿੱਚ ਕਾਂਗਰਸ ਨੂੰ ਵੀ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ ਕੋਈ ਵੀ ਵਾਅਦਾ ਇਸ ਸਰਕਾਰ ਨੇ ਪੂਰਾ ਨਹੀਂ ਕੀਤਾ। ਜਿਸ ਕਾਰਨ ਅੱਜ ਮੁਲਾਜ਼ਮ ਵਰਗ, ਕਿਸਾਨ ਵਰਗ, ਮਜ਼ਦੂਰ ਅਤੇ ਬੇਰੁਜ਼ਗਾਰ ਸੜਕਾਂ 'ਤੇ ਉਤਰੇ ਹੋਏ ਹਨ। ਉਨ੍ਹਾਂ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਸਮੇਂ ਕੀਤੇ ਵਾਅਦਿਆਂ ਮੁਤਾਬਿਕ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ 'ਤੇ ਪੱਕਿਆ ਜਾਵੇ।