ਸੰਘਰਸ਼ ਪੰਜਾਬੀ ਯੂਨੀਵਰਸਿਟੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 12 2018 14:49
Reading time: 1 min, 15 secs

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਚੱਲ ਰਿਹਾ ਵਿਦਿਆਰਥੀ ਸੰਘਰਸ਼ ਹੁਣ ਹੋਰ ਪੱਕਾ ਹੁੰਦਾ ਜਾ ਰਿਹਾ ਹੈ। ਪਹਿਲਾਂ ਮਾਮਲਾ ਸਮਾਂਬੰਦੀ ਦੇ ਮਸਲੇ ਤੱਕ ਹੀ ਸੀਮਤ ਸੀ, ਪਰ ਹੁਣ ਇਹ ਮਸਲਾ ਇਨਸਾਫ਼ ਤੱਕ ਪਹੁੰਚ ਗਿਆ ਹੈ। ਵਿਦਿਆਰਥੀਆਂ ਦਾ ਆਰੋਪ ਹੈ ਕਿ ਵਾਈਸ ਚਾਂਸਲਰ ਦੀ ਸ਼ੈਅ ਤੇ ਹੀ ਧਰਨੇ ਉੱਪਰ ਬੈਠੇ ਵਿਦਿਆਰਥੀਆਂ ਤੇ ਹਮਲਾ ਹੋਇਆ ਸੀ ਪਰ ਵੀਸੀ ਬੀ.ਐੱਸ ਘੁੰਮਣ ਇਸ ਮਾਮਲੇ ਤੇ ਕੁੱਝ ਵੀ ਨਹੀਂ ਬੋਲ ਰਹੇ ਹਨ। ਹਾਂ ਹੁਣ ਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਅੱਗੇ ਇਹ ਪ੍ਰਸਤਾਵ ਜ਼ਰੂਰ ਰੱਖਿਆ ਹੈ ਕਿ ਉਹ ਸਮਾਂਬੰਦੀ ਦੇ ਮਸਲੇ ਤੇ ਗੱਲ ਕਰਨ ਨੂੰ ਰਾਜ਼ੀ ਹਨ ਪਰ ਵਿਦਿਆਰਥੀਆਂ ਨੇ ਵੀ ਇਹ ਸਾਫ਼ ਕਰਾਰ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਤੇ ਹਮਲਾ ਕਰਨ ਵਾਲੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਤੇ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨਾਲ ਇਨਸਾਫ਼ ਨਹੀਂ ਕਰ ਦਿੱਤਾ ਜਾਂਦਾ ਨਾ ਹੀ ਉਹ ਧਰਨੇ ਤੋਂ ਉੱਠਣਗੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮੀਟਿੰਗ ਕਰਨਗੇ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਮਾਂਬੰਦੀ ਦੇ ਮਸਲੇ ਤੇ ਗੱਲਬਾਤ ਕਰਕੇ ਪ੍ਰਸ਼ਾਸਨ ਆਪਣੇ ਗੁੰਡਾਗਰਦੀ ਦੇ ਕੀਤੇ ਕਾਰਨਾਮੇ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਵੀ ਪੱਕੇ ਇਰਾਦਿਆਂ ਦੇ ਹਨ ਅਤੇ ਅਜਿਹੀ ਨਾਇਨਸਾਫ਼ੀ ਖ਼ਿਲਾਫ਼ ਚੁੱਪ ਨਹੀਂ ਬੈਠਣਗੇ। ਸਿੱਖਿਆਰਥੀਆਂ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਮਾਪਿਆਂ ਨੂੰ ਬੁਰਾ ਭਲਾ ਕਿਹਾ ਗਿਆ ਸਾਰੀਆਂ ਕੁੜੀਆਂ ਦੇ ਮਾਤਾ-ਪਿਤਾ ਅੱਗੇ ਉਨ੍ਹਾਂ ਦੇ ਆਚਰਣ ਤੇ ਸਵਾਲ ਖੜ੍ਹੇ ਕੀਤੇ ਗਏ ਅਤੇ ਅਗਲੇ ਹੀ ਦਿਨ ਜਦੋਂ ਵਿਦਿਆਰਥੀਆਂ ਵੱਲੋਂ ਫੇਰ ਤੋਂ ਧਰਨੇ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਤਾਂ ਪੋਲੀਟੀਕਲ ਗਰੁੱਪ ਦੇ ਨਾਂਅ ਤੇ ਪ੍ਰਸ਼ਾਸਨ ਨੇ ਖ਼ੁਦ ਹੀ ਉਨ੍ਹਾਂ ਨੂੰ ਪਿੱਛੇ ਹਟਾਉਣ ਲਈ ਉਨ੍ਹਾਂ 'ਤੇ ਹਮਲਾ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਇਹ ਸੰਘਰਸ਼ ਉਦੋਂ ਰੁਕੇਗਾ ਜਦੋਂ ਵੀਸੀ ਘੁੰਮਣ ਅਸਤੀਫ਼ਾ ਦੇਣਗੇ ਅਤੇ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇਗਾ।