ਮਾਂ ਧੀ ਨੂੰ ਟਰਾਲੀ ਦੀ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਖਿਲਾਫ਼ ਪਰਚਾ ਦਰਜ..!!

Last Updated: Oct 12 2018 13:53
Reading time: 1 min, 4 secs

ਬੀਤੀ ਦੁਪਹਿਰੇ ਪਿੰਡ ਰੋੜਾਂ ਵਾਲਾ ਅਤੇ ਪਿੰਡ ਮਹਿਮੇ ਵਿਚਕਾਰ ਪੈਂਦੀਆਂ ਨਹਿਰਾਂ ਦੇ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਗਰਭਵਤੀ ਔਰਤ ਸਮੇਤ 2 ਜਣਿਆ ਦੀ ਮੌਤ ਹੋ ਗਈ ਸੀ। ਇਸ ਸਬੰਧ ਵਿੱਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੰਗਾ ਸਿੰਘ ਪੁੱਤਰ ਪਿਆਰਾ ਵਾਸੀ ਪਿੰਡ ਨਸੀਰਾ ਖਲਚੀਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸ ਦਾ ਪਿਤਾ ਵੀਰੂ ਅਤੇ ਉਸ ਦੀ ਭਤੀਜੀ ਬਿੰਦਰ ਕੌਰ (7 ਮਹੀਨੇ ਦੀ ਗਰਭਵਤੀ) ਪਤਨੀ ਸੋਨੂੰ ਅਤੇ ਏਕਮ ਪੁੱਤਰੀ ਸੋਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਦਿਲਾ ਰਾਮ ਤੋਂ ਚੱਕ ਰੋੜਾਂ ਵਾਲੀ ਸਾਇਡ ਆ ਰਹੇ ਸੀ। 

ਮੰਗਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਿੰਡ ਰੋੜਾ ਵਾਲਾ ਦੇ ਨਜ਼ਦੀਕ ਪਹੁੰਚੇ ਤਾਂ ਨਿਸ਼ਾਨ ਸਿੰਘ ਨੇ ਟਰੈਕਟਰ ਸਮੇਤ ਟਰਾਲੀ ਝੋਨੇ ਨਾਲ ਭਰੀ ਹੋਈ ਗਲਤ ਸਾਇਡ ਤੋਂ ਲਿਆ ਕੇ ਮੋਟਰਸਾਈਕਲ ਦੇ ਵਿੱਚ ਮਾਰੀ। ਇਸ ਹਾਦਸੇ ਵਿੱਚ ਬਿੰਦਰ ਕੌਰ ਅਤੇ ਏਕਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਵੀਰੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਹਰਮੀਤ ਚੰਦ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੰਗਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਨਿਸ਼ਾਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਰੋੜਾਂ ਵਾਲਾ ਦੇ ਖਿਲਾਫ਼ ਆਈਪੀਸੀ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਏਐਸਆਈ ਨੇ ਦੱਸਿਆ ਕਿ ਮੁਲਜ਼ਮ ਨਿਸ਼ਾਨ ਸਿੰਘ ਹਾਲੇ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ।