ਰੇਲਵੇ ਦੇ ਸੀਨੀਅਰ ਡੀਸੀਐਮ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ..!!!

Last Updated: Oct 12 2018 13:55
Reading time: 1 min, 9 secs

ਡੀਆਰਐਮ ਦਫਤਰ ਫਿਰੋਜ਼ਪੁਰ ਵਿਖੇ ਤਾਇਨਾਤ ਸੀਨੀਅਰ ਡੀਸੀਐਮ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਰੇਲਵੇ ਮਜ਼ਦੂਰ ਯੂਨੀਅਨ ਦੇ ਆਗੂ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਰੀ ਮੋਹਨ ਪੁੱਤਰ ਸ਼ੰਕਰਾ ਤਿਵਾੜੀ ਵਾਸੀ ਸਾਸਾ ਰਾਮ (ਬਿਹਾਰ) ਹਾਲ ਡੀਆਰਐਮ ਦਫਤਰ ਫਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਡੀਆਰਐਮ ਦਫਤਰ ਫਿਰੋਜ਼ਪੁਰ ਵਿਖੇ ਸੀਨੀਅਰ ਡੀਸੀਐਮ ਫਿਰੋਜ਼ਪੁਰ ਡਵੀਜ਼ਨ ਦੇ ਅਹੁਦੇ 'ਤੇ ਤਾਇਨਾਤ ਹੈ। ਹਰੀ ਮੋਹਨ ਨੇ ਦੋਸ਼ ਲਗਾਇਆ ਕਿ ਰੇਲਵੇ ਵਿਭਾਗ ਵਿੱਚ ਸੰਮਾ ਦੇਵੀ ਬੁਕਿੰਗ ਕਲਰਕ ਫਗਵਾੜਾ ਤਾਇਨਾਤ ਸੀ, ਜਿਸਦੀ ਬੇਨਤੀ 'ਤੇ ਹੋਰ ਗੁਡਜ਼ ਕਲਰਕ ਫਗਵਾੜਾ ਲਗਾਇਆ ਸੀ, ਪਰ ਉਹ ਆਪਣਾ ਕੰਮ ਬੁਕਿੰਗ ਕਲਰਕ ਦਾ ਕਰ ਰਹੀ ਸੀ।

ਹਰੀ ਮੋਹਨ ਨੇ ਦੋਸ਼ ਲਗਾਇਆ ਕਿ ਮਿਤੀ 10 ਅਕਤੂਬਰ ਸ਼ਾਮ ਕਰੀਬ ਪੌਣੇ 8 ਵਜੇ ਰੇਲਵੇ ਮਜ਼ਦੂਰ ਯੂਨੀਅਨ ਦੇ ਆਗੂ ਬੀਐਸ ਸ਼ਰਮਾ ਨੇ ਉਸ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ, ਜੇਕਰ ਸੋਮਾ ਦੇਵੀ ਨੂੰ ਗੁਡਜ਼ ਕਲਰਕ ਦੇ ਕੰਮ 'ਤੇ ਲਗਾਇਆ ਅਤੇ ਤੇਰੀ ਬਦਲੀ ਕਰਵਾ ਦਿਆਂਗੇ ਅਤੇ ਤੈਨੂੰ ਜੀਣ ਨਹੀਂ ਦਿਆਂਗੇ। ਹਰੀ ਮੋਹਨ ਨੇ ਦੋਸ਼ ਲਗਾਇਆ ਕਿ ਬੀਐਸ ਸ਼ਰਮਾ ਦੇ ਖ਼ਿਲਾਫ਼ ਉਸ ਵੱਲੋਂ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰੀ ਮੋਹਨ ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਹੋਇਆ ਰੇਲਵੇ ਮਜ਼ਦੂਰ ਯੂਨੀਅਨ ਦੇ ਬੀਐਸ ਸ਼ਰਮਾ ਦੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।