ਮੇਰਾ ਅਬੋਹਰ ਫ੍ਰੀ ਲੀਗਲ ਸਰਵਿਸ ਦੀ ਤਰਜ਼ 'ਤੇ ਦੇਸ਼ 'ਚ ਬਣਨ ਸੰਸਥਾਵਾਂ- ਕੇਂਦਰੀ ਮੰਤਰੀ

Last Updated: Oct 12 2018 13:56
Reading time: 1 min, 15 secs

ਥੋੜ੍ਹੇ ਹੀ ਸਮੇਂ 'ਚ ਸਮਾਜਸੇਵਾ ਦੇ ਖੇਤਰ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਮੇਰਾ ਅਬੋਹਰ ਫ੍ਰੀ ਲੀਗਲ ਸਰਵਿਸ ਵੱਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦੀ ਪਹਿਲ ਤੋਂ ਪ੍ਰਭਾਵਿਤ ਹੋਕੇ ਕੇਂਦਰੀ ਸਮਾਜਕ ਨਿਆਂ ਅਤੇ ਅਧਿਕਾਰ ਵਿਭਾਗ ਦੇ ਮੰਤਰੀ ਸ੍ਰੀ ਰਾਮ ਦਾਸ ਅਠਾਵਲੇ ਨੇ ਸੰਸਥਾ ਦੀ ਸ਼ਲਾਘਾ ਕੀਤੀ ਉੱਥੇ ਹੀ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦਵਾਇਆ। ਬੀਤੇ ਦਿਨੀਂ ਸੰਸਥਾ ਦੇ ਆਗੂ ਐਡਵੋਕੇਟ ਅਮਿਤ ਅਸੀਜਾ, ਸੁਰਿੰਦਰ ਸਿੰਘ, ਪ੍ਰਵੀਨ ਧੰਜੂ ਤੇ ਸੁਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਸ੍ਰੀ ਅਠਾਵਲੇ ਨਾਲ ਦਿੱਲੀ ਦੇ ਸ਼ਾਸਤਰੀ ਭਵਨ ਸਥਿਤ ਉਨ੍ਹਾਂ ਦੇ ਦਫ਼ਤਰ 'ਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਸੰਸਥਾ ਅਬੋਹਰ ਫ੍ਰੀ ਲੀਗਲ ਸਰਵਿਸ ਦੇ ਕਾਰਜਾਂ ਅਤੇ ਉਸਦੇ ਅਧੀਨ ਕੀਤੇ ਜਾ ਰਹੇ ਕੰਮਾਂ ਦੇ ਤਰੀਕਿਆਂ ਅਤੇ ਰੂਪਰੇਖਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਸੰਸਥਾ ਦੇ ਆਗੂ ਐਡਵੋਕੇਟ ਅਮਿਤ ਅਸਿਜਾ ਨੇ ਦੱਸਿਆ ਕਿ ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਅਠਾਵਲੇ ਨੇ ਵੀ ਦੱਸਿਆ ਕਿ ਮੇਰਾ ਅਬੋਹਰ ਫ੍ਰੀ ਲੀਗਲ ਸਰਵਿਸ ਵੱਲੋਂ ਕੀਤੇ ਜਾ ਰਹੇ ਕੰਮ ਅਤੇ ਲੋੜਵੰਦਾਂ ਨੂੰ ਕਾਨੂੰਨੀ ਸਹਾਇਤਾ ਦੇਣ ਸਬੰਧੀ ਜਾਣਕਾਰੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਮਿਲਦੀ ਰਹਿੰਦੀ ਹੈ ਅਤੇ ਉਹ ਇਸਨੂੰ ਪੜ੍ਹਦੇ ਵੀ ਹਨ। ਐਡਵੋਕੇਟ ਅਸਿਜਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਅਠਾਵਲੇ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਸੰਸਥਾ ਦੇ ਕਾਰਜਾਂ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਐਡਵੋਕੇਟ ਅਸਿਜਾ ਨੇ ਦੱਸਿਆ ਕਿ ਸ੍ਰੀ ਅਠਾਵਲੇ ਨੇ ਕਿਹਾ ਕਿ ਜੇਕਰ ਅਜਿਹੀ ਸੰਸਥਾ ਭਾਰਤ ਦੇ ਹਰ ਸ਼ਹਿਰ ਵਿੱਚ ਬਣ ਜਾਵੇ ਤਾਂ ਗਰੀਬ ਲੋਕਾਂ ਦਾ ਫ਼ਾਇਦਾ ਹੋਵੇਗਾ ਸਗੋਂ ਉਨ੍ਹਾਂ ਨੂੰ ਛੇਤੀ ਨਿਆਂ ਵੀ ਮਿਲੇਗਾ ਅਤੇ ਪੈਸਾ ਵੀ ਬਚੇਗਾ। ਸ੍ਰੀ ਅਠਾਵਲੇ ਨੇ ਸੰਸਥਾ ਦੇ ਆਗੂਆਂ ਨੂੰ ਸੰਸਥਾ ਰਜਿਸਟਰਡ ਕਰਵਾਉਣ ਦੀ ਸਲਾਹ ਦਿੱਤੀ, ਤਾਂ ਜੋ ਸਰਕਾਰ ਵੀ ਸਿੱਧੇ ਤੌਰ 'ਤੇ ਸਮਾਜਸੇਵਾ ਦੇ ਕਾਰਜਾਂ ਵਿੱਚ ਉਨ੍ਹਾਂ ਦੀ ਮਦਦ ਕਰ ਸਕੇ।