ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਤਿੰਨ ਨੌਜਵਾਨ ਨੂੰ ਠੱਗਿਆ, ਮੁਕੱਦਮੇ ਦਰਜ..!!

Gurpreet Singh Josan
Last Updated: Oct 12 2018 13:46

ਪਿੰਡ ਵਲੂਰ ਅਤੇ ਪਿੰਡ ਗਡੋਡੂ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਕੁਲਗੜੀ ਦੀ ਪੁਲਿਸ ਨੇ ਇੱਕ ਔਰਤ ਸਮੇਤ 3 ਵਿਅਕਤੀਆਂ ਖਿਲਾਫ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਵਲੂਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦੇ ਲੜਕੇ ਸੁਖਨੀਤ ਸਿੰਘ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਰਵਿੰਦਰ ਸਿੰਘ ਪੁੱਤਰ ਬੋਹੜ ਸਿੰਘ, ਅਮਨਦੀਪ ਕੌਰ ਪਤਨੀ ਪਰਵਿੰਦਰ ਸਿੰਘ ਅਤੇ ਬੋਹੜ ਸਿੰਘ ਪੁੱਤਰ ਬਲਵੰਤ ਸਿੰਘ ਵਾਸੀਅਨ ਸੈਦੋ ਕੇ ਰੁਹੇਲਾ ਨੇ ਹਮਮਸ਼ਵਰਾ ਹੋ ਕੇ 13 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਇਸੇ ਥਾਣੇ ਵਿੱਚ ਦਰਜ ਹੋਏ ਇੱਕ ਹੋਰ ਮਾਮਲੇ ਸਬੰਧੀ ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਗਡੌਡੂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਉਕਤ ਪਰਵਿੰਦਰ ਸਿੰਘ ਪੁੱਤਰ ਬੋਹੜ ਸਿੰਘ, ਅਮਨਦੀਪ ਕੌਰ ਪਤਨੀ ਪਰਵਿੰਦਰ ਸਿੰਘ ਵਾਸੀਅਨ ਸੈਦੇ ਕੇ ਰੁਹੇਲਾ ਨੇ ਹਮਮਸ਼ਵਰਾ ਹੋ ਕੇ ਉਸ ਨੂੰ ਅਤੇ ਉਸ ਦੇ ਦੋਸਤ ਸੁਖਜਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 17 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਤਿੰਨਾਂ ਲੋਕਾਂ ਦੇ ਖਿਲਾਫ਼ 420, 120-ਬੀ ਆਈਪੀਸੀ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।