ਚੋਰੀ ਕਰਨ ਦੇ ਦੋਸ਼ 'ਚ ਦੋ ਵਿਅਕਤੀ ਗ੍ਰਿਫਤਾਰ, ਚਾਰ ਗਾਡਰ ਅਤੇ ਹੋਰ ਸਮਾਨ ਬਰਾਮਦ

Last Updated: Oct 12 2018 13:39
Reading time: 1 min, 38 secs

ਨਜ਼ਦੀਕੀ ਪਿੰਡ ਰਾੜਾ ਸਥਿਤ ਇੱਕ ਵਿਅਕਤੀ ਦੇ ਘਰ 'ਚ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਖੰਨਾ ਪੁਲਿਸ ਵੱਲੋਂ ਚੋਰੀ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸਤੋਂ ਇਲਾਵਾ ਕਾਬੂ ਕੀਤੇ ਦੋਨਾਂ ਵਿਅਕਤੀਆਂ ਦੇ ਕਬਜ਼ੇ 'ਚੋਂ ਚੋਰੀਸ਼ੁਦਾ ਲੋਹੇ ਦਾ ਸਮਾਨ ਅਤੇ ਸਕਰੈਪ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਆਰੋਪੀਆਂ ਦੇ ਖਿਲਾਫ਼ ਪੁਲਿਸ ਨੇ ਥਾਣਾ ਪਾਇਲ 'ਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਪਵਿੱਤਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਵਾਸੀ ਪਿੰਡ ਰਾੜਾ ਨੇ ਥਾਣਾ ਪਾਇਲ 'ਚ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ 'ਚ ਦਾਖਲ ਹੋ ਕੇ ਲੋਹੇ ਦਾ ਸਮਾਨ ਅਤੇ ਹੋਰ ਸਕਰੈਪ ਚੋਰੀ ਕਰ ਲਈ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਸ਼ਿਕਾਇਤ ਮਿਲਣ ਦੇ ਬਾਅਦ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ।

ਜਾਂਚ ਅਧਿਕਾਰੀ ਪਵਿੱਤਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਸ਼ੁਰੂ ਕੀਤੀ ਪੜਤਾਲ ਦੌਰਾਨ ਕੁਝ ਸੁਰਾਗ ਮਿਲੇ ਸਨ। ਬੀਤੇ ਦਿਨ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਦੇ ਨਾਲ ਨਜ਼ਦੀਕੀ ਪਿੰਡ ਘੁਡਾਣੀ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੁਖਬਰ ਤੋਂ ਸੂਚਨਾ ਮਿਲੀ ਕਿ ਦੋ ਵਿਅਕਤੀ ਚੋਰੀ ਕੀਤੇ ਸਮਾਨ ਨੂੰ ਵੇਚਣ ਲਈ ਲੈ ਕੇ ਜਾ ਰਹੇ ਸਨ। ਸੂਚਨਾ ਮਿਲਣ ਦੇ ਬਾਅਦ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਚੋਰੀ ਕੀਤੇ ਲੋਹੇ ਦੇ 4 ਗਾਡਰਾਂ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਕਾਬੂ ਕੀਤੇ ਦੋਨਾਂ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਪਹਿਚਾਣ ਲਖਵਿੰਦਰ ਸਿੰਘ ਉਰਫ ਲੱਕੀ ਅਤੇ ਹਰਪ੍ਰੀਤ ਸਿੰਘ ਉਰਫ ਹਨੀ ਵਾਸੀ ਪਿੰਡ ਰਾੜਾ ਦੇ ਤੌਰ ਤੇ ਹੋਈ ਹੈ। ਦੋਨਾਂ ਆਰੋਪੀਆਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਦੇ ਘਰ 'ਚੋਂ ਲੋਹੇ ਦਾ ਸਮਾਨ ਚੋਰੀ ਕੀਤਾ ਸੀ। ਦੋਨਾਂ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕਰਨ ਦੇ ਬਾਅਦ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਚੋਰੀ ਦੀਆਂ ਵਾਰਦਾਤਾਂ 'ਚ ਸ਼ਾਮਲ ਤਾਂ ਨਹੀਂ ਹਨ।