15 ਗ੍ਰਾਮ ਹੈਰੋਇਨ ਸਣੇ ਪੁਲਿਸ ਨੇ ਔਰਤ ਨੂੰ ਕੀਤਾ ਕਾਬੂ

Last Updated: Oct 12 2018 13:43
Reading time: 1 min, 12 secs

ਸੂਬਾ ਸਰਕਾਰ ਵੱਲੋਂ ਨਸ਼ੇ ਦੇ ਸੌਦਾਗਰਾਂ ਤੇ ਠੱਲ੍ਹ ਪਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸਦੇ ਚਲਦੇ ਨਸ਼ਾ ਤਸਕਰ ਹੁਣ ਆਪਣੇ ਇਸ ਕੰਮ ਨੂੰ ਜਾਰੀ ਰੱਖਣ ਲਈ ਨਵੇਕਲੇ ਤਰੀਕੇ ਅਪਣਾ ਰਹੇ ਹਨ ਤਾਂ ਜੋ ਪੁਲਿਸ ਦੀ ਨਜ਼ਰ ਤੋਂ ਬਚਿਆ ਜਾ ਸਕੇ। ਜਿਸਦੇ ਚਲਦੇ ਨਸ਼ਾ ਸੌਦਾਗਰ ਨਸ਼ੇ ਦੀ ਸਪਲਾਈ ਦੇ ਲਈ ਔਰਤਾਂ ਦਾ ਸਹਾਰਾ ਲੈ ਰਹੇ ਹਨ ਤਾਂ ਜੋ ਪੁਲਿਸ ਨੂੰ ਚਕਮਾ ਦਿੱਤਾ ਜਾ ਸਕੇ ਅਤੇ ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਜਿੱਥੇ ਸਪੈਸ਼ਲ ਟਾਸਕ ਫੋਰਸ ਪੁਲਿਸ ਵਿੰਗ ਵੱਲੋਂ ਨਾਕੇ ਦੌਰਾਨ ਇੱਕ ਔਰਤ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਫੜੀ ਗਈ ਔਰਤ ਦੀ ਪਹਿਚਾਣ ਸਰਵਜੀਤ ਕੌਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ.ਟੀ.ਐਫ ਦੇ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਤਿਉਹਾਰਾਂ ਦੇ ਚਲਦੇ ਸੁਰਖੀਆਂ ਨੂੰ ਵੇਖਦੇ ਹੋਏ ਸਬ ਇੰਸਪੈਕਟਰ ਸੋਮਰਾਜ ਦੀ ਅਗੁਆਈ ਹੇਠ ਪੁਲਿਸ ਪਾਰਟੀ ਵੱਲੋਂ ਗੁਰਦਾਸਪੁਰ ਰੋਡ ਤੇ ਨਾਕਾ ਲਗਾ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਇਸ ਦੌਰਾਨ ਪੈਦਲ ਆ ਰਹੀ ਇੱਕ ਔਰਤ ਪੁਲਿਸ ਨੂੰ ਵੇਖ ਕੇ ਘਬਰਾ ਗਈ ਅਤੇ ਪਿੱਛੇ ਨੂੰ ਮੁੜ ਗਈ। ਜਨਾਨਾ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਉਸ ਔਰਤ ਨੂੰ ਰੋਕਿਆ ਅਤੇ ਪੁੱਛਗਿੱਛ ਕੀਤੀ, ਇਸ ਦੌਰਾਨ ਤਲਾਸ਼ੀ ਲੈਣ ਤੇ ਔਰਤ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਇਹ ਔਰਤ ਪਠਾਨਕੋਟ ਵਿਖੇ ਹੈਰੋਇਨ ਸਪਲਾਈ ਕਰਨ ਲਈ ਆਈ ਹੋਈ ਸੀ। ਉਨ੍ਹਾਂ ਕਿਹਾ ਕਿ ਥਾਣਾ ਡਿਵੀਜ਼ਨ ਨੰਬਰ ਇੱਕ ਵਿਖੇ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।