ਸਾਂਝਾ ਅਧਿਆਪਕ ਮੋਰਚੇ ਨੇ ਕੀਤਾ ਪੋਲ ਖ਼ੋਲ ਰੈਲੀ ਕਰਨ ਦਾ ਐਲਾਨ!

Last Updated: Oct 12 2018 13:04

ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਨੇ ਪਟਿਆਲਾ ਵਿੱਚ 13 ਅਕਤੂਬਰ ਨੂੰ ਪੋਲ ਖ਼ੋਲ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਪੋਲ ਖ਼ੋਲ ਰੈਲੀ ਵਿੱਚ ਸਾਂਝੇ ਮੋਰਚੇ ਦੀਆਂ ਆਪਣੀਆਂ ਸੱਤ ਜੱਥੇਬੰਦੀਆਂ ਦੇ ਆਗੂ ਅਤੇ ਉਨ੍ਹਾਂ ਦੇ ਮੈਂਬਰ ਤਾਂ ਪਹੁੰਚਣਗੇ ਹੀ ਉਨ੍ਹਾਂ ਦੇ ਬਾਲ ਬੱਚੇ ਅਤੇ ਪਰਿਵਾਰਿਕ ਮੈਂਬਰ ਵੀ ਪੋਲ ਖ਼ੋਲ ਰੈਲੀ ਵਿੱਚ ਪੁੱਜ ਕੇ ਪਤਨ ਵੱਲ ਬੜੀ ਤੇਜ਼ੀ ਨਾਲ ਵਧ ਰਹੀ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕਰਨਗੇ।

ਮੋਰਚਾ ਆਗੂਆਂ ਦਾ ਕਹਿਣਾ ਹੈ ਕਿ, ਚੋਣਾਂ ਤੋਂ ਪਹਿਲਾਂ ਕੈਪਟਨ ਨੇ ਉਨ੍ਹਾਂ ਨਾਲ ਵੀ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ, ਪਰ ਸੱਤਾ ਦੇ ਸਿੰਘਾਸਨ ਤੇ ਚੜਦਿਆਂ ਹੀ ਉਹ ਅਤੇ ਉਨ੍ਹਾਂ ਦਾ ਮੰਤਰੀ ਮੰਡਲ ਉਨ੍ਹਾਂ ਨੂੰ ਅੱਖ਼ਾਂ ਵਿਖਾਉਣ ਲੱਗ ਪਏ ਹਨ। ਆਗੂਆਂ ਦਾ ਕਹਿਣਾ ਹੈ ਕਿ, ਉਨ੍ਹਾਂ ਨੂੰ ਮਰਨਾ ਤਾਂ ਮਨਜ਼ੂਰ ਹੈ ਪਰ ਉਹ ਆਪਣਾ ਧਰਨਾ ਅਤੇ ਮਰਨ ਵਰਤ ਖ਼ਤਮ ਨਹੀਂ ਕਰਨਗੇ, ਜਦੋਂ ਤੱਕ ਕਿ ਸਰਕਾਰ ਉਨ੍ਹਾਂ ਦੀ ਇੱਕ-ਇੱਕ ਮੰਗ ਨਹੀਂ ਮੰਨ ਲੈਂਦੀ।