ਬਰਗਾੜੀ ਰੈਲੀ 'ਚ ਸਨ ਗੈਰ ਸਿੱਖ ਵੀ, ਲੀਡਰ ਫ਼ਿਕਰਮੰਦ !!

Last Updated: Oct 12 2018 13:29
Reading time: 2 mins, 36 secs

ਭਾਵੇਂਕਿ ਕਾਂਗਰਸੀ ਅਤੇ ਅਕਾਲੀ, ਲੋਕ ਵਿਖਾਵੇ ਲਈ ਜਿੰਨੀਆਂ ਮਰਜ਼ੀ ਬੜ੍ਹਕਾਂ ਮਾਰੀ ਜਾਣ ਲੇਕਿਨ, ਇਸ ਗੱਲ ਦਾ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਇਲਮ ਹੋ ਚੁੱਕਾ ਹੈ ਕਿ, ਬਰਗਾੜੀ ਦੀ ਰੈਲੀ ਉਨ੍ਹਾਂ ਦੀ ਫੱਟੀ ਪੋਚ ਗਈ ਹੈ। ਸ਼ਾਇਦ ਨਾ ਹੀ ਕਾਂਗਰਸੀਆਂ ਨੂੰ ਇਸ ਗੱਲ ਦਾ ਅਹਿਸਾਸ ਸੀ ਅਤੇ ਨਾ ਹੀ ਅਕਾਲੀਆਂ ਨੂੰ, ਕਿ ਬਰਗਾੜੀ ਵਿੱਚ ਇੰਨਾ ਵੱਡਾ ਇਕੱਠ ਹੋ ਜਾਵੇਗਾ, ਉਹ ਵੀ ਉਦੋਂ ਜਦੋਂ ਉਨ੍ਹਾਂ ਨੇ ਉਸ ਰੈਲੀ ਨੂੰ ਫ਼ੇਲ੍ਹ ਕਰਨ ਲਈ ਸਰਕਾਰੀ ਮਸ਼ੀਨਰੀ ਦੇ ਨਾਲ-ਨਾਲ ਆਪਣੀ ਸਾਂਝੀ ਤਾਕਤ ਵੀ ਝੋਕ ਰੱਖੀ ਸੀ। 

ਦੋਸਤੋ, ਅਗਰ ਇਹ ਇਕੱਠ ਨਿਰੋਲ ਸਿੱਖਾਂ ਦਾ ਇਕੱਠ ਹੁੰਦਾ ਤਾਂ ਸ਼ਾਇਦ, ਇਹ ਲੋਕ ਕੁਝ ਹੱਦ ਤੱਕ ਬਰਦਾਸ਼ਤ ਕਰ ਲੈਂਦੇ, ਲੇਕਿਨ ਇਸ ਵਿੱਚ ਸ਼ਾਮਲ ਹੋਏ ਵੱਡੀ ਗਿਣਤੀ ਵਿੱਚ ਗੈਰ ਸਿੱਖਾਂ ਦੀ ਮੌਜੂਦਗੀ ਨੇ ਇਹਨਾਂ ਦੋਵੇਂ ਹੀ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਹਾਜ਼ਮਾ ਤਾਂ ਖ਼ਰਾਬ ਕਰ ਹੀ ਦਿੱਤਾ ਹੈ, ਉਨ੍ਹਾਂ ਦਾ ਚਿੱਤ ਵੀ ਪੂਰੀ ਤਰ੍ਹਾਂ ਨਾਲ ਘਾਊਂ ਮਾਊਂ ਕਰਨ ਲਾ ਦਿੱਤਾ ਹੈ। 

ਜੀ ਹਾਂ, ਇਹ ਗੱਲ ਸੋਲ੍ਹਾਂ ਆਨੇ ਸੱਚ ਹੈ, ਖ਼ੁਫ਼ੀਆ ਏਜੰਸੀਆਂ ਨੇ ਆਪਣੀ ਰਿਪੋਰਟ ਰਾਹੀਂ ਸਰਕਾਰ ਨੂੰ ਖ਼ਬਰਦਾਰ ਕਰ ਦਿੱਤਾ ਹੈ ਕਿ, ਹਿੰਦੂ-ਸਿੱਖ ਇਕੱਠੇ ਹੋਣ ਲੱਗ ਪਏ ਹਨ। ਏਜੰਸੀਆਂ ਨੇ ਸਰਕਾਰ ਨੂੰ ਸੁਨੇਹਾ ਲਗਾ ਦਿੱਤਾ ਹੈ ਕਿ, ਬਰਗਾੜੀ ਰੈਲੀ ਵਿੱਚ ਕੇਵਲ ਸਿੱਖ ਹੀ ਨਹੀਂ, ਬਲਕਿ ਹਜ਼ਾਰਾਂ ਦੀ ਗਿਣਤੀ ਵਿੱਚ ਗੈਰ ਸਿੱਖ ਵੀ ਮੌਜੂਦ ਸਨ।

ਉਹ ਗੈਰ ਸਿੱਖ, ਜਿਹੜੇ ਕਿ 300 ਰੁਪਏ ਤੇ ਸ਼ਰਾਬ ਦੇ ਲਾਲਚ ਵਿੱਚ ਉੱਥੇ ਨਹੀਂ ਸਨ ਗਏ ਬਲਕਿ ਉਨ੍ਹਾਂ ਨੂੰ ਤਾਂ ਉਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਆਸਥਾ ਉੱਥੇ ਖਿੱਚ ਲੈ ਗਈ ਸੀ। ਏਜੰਸੀ ਰਿਪੋਰਟਾਂ ਅਨੁਸਾਰ ਭੀੜ ਵਿੱਚ ਬੈਠੇ ਗੈਰ ਸਿੱਖ ਵੀ ਉਨੇ ਹੀ ਜ਼ੋਰ ਅਤੇ ਜੋਸ਼ ਨਾਲ ਜੈਕਾਰਿਆਂ ਦਾ ਜਵਾਬ ਦੇ ਰਹੇ ਸਨ ਜਿੰਨੇ ਜ਼ੋਰ ਨਾਲ ਸਿੱਖ ਦੇ ਰਹੇ ਸਨ। 

ਸੂਝਵਾਨਾਂ ਅਨੁਸਾਰ, ਸਿੱਖ ਅਤੇ ਗੈਰ ਸਿੱਖ ਇੱਕੋ ਛੱਤ ਤੇ ਤੰਬੂ ਹੇਠ ਇਕੱਠੇ ਹੋਕੇ ਬਹਿ ਜਾਣ, ਭਲਾ ਇਹ ਗੱਲ ਸਾਡੇ ਸਿਆਸੀ ਲੀਡਰਾਂ ਨੂੰ ਕਿੰਝ ਹਜ਼ਮ ਹੋ ਸਕਦੀ ਹੈ, ਖ਼ਾਸ ਕਰਕੇ ਉਨ੍ਹਾਂ ਲੀਡਰਾਂ ਨੂੰ, ਜਿਨ੍ਹਾਂ ਦੇ ਸਿਆਸਤ ਦੇ ਕਿਲੇ ਦੀ ਬੁਨਿਆਦ ਹੀ ਸਿੱਖਾਂ ਅਤੇ ਗੈਰ ਸਿੱਖਾਂ ਦੀਆਂ ਲਾਸ਼ਾਂ ਤੇ ਟਿਕੀ ਹੋਈ ਹੈ। ਇਨਸਾਨੀਅਤ ਨੂੰ ਹੀ ਆਪਣਾ ਧਰਮ ਮੰਨਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ, ਇਹ ਉਹ ਰਾਜਨੀਤਿਕ ਪਾਰਟੀਆਂ ਹਨ, ਜਿਹੜੀਆਂ ਕਿ ਸ਼ੁਰੂ ਤੋਂ ਹੀ ਪੰਜਾਬ ਦੀ ਅਵਾਮ ਨੂੰ ਧਰਮ ਅਤੇ ਮਜ਼੍ਹਬ ਦੇ ਨਾਮ ਤੇ ਲੜਾਉਂਦੀਆਂ ਆਈਆਂ ਹਨ।

ਭਾਵੇਂਕਿ ਹੁਣ ਉਹ ਗੱਲਾਂ ਨਹੀਂ ਰਹੀਆਂ ਪਰ ਅਜੇ ਵੀ ਅਕਾਲੀ ਦਲ ਸਿੱਖ ਧਰਮ ਅਤੇ ਪੰਥ ਦਾ ਠੇਕੇਦਾਰ ਬਣਿਆ ਫ਼ਿਰਦੈ ਜਦਕਿ ਕਾਂਗਰਸ ਵਾਲੇ ਖ਼ੁਦ ਨੂੰ ਹਿੰਦੂਆਂ ਦੇ ਰਖਵਾਲੇ ਮੰਨਦੇ ਆਏ ਹਨ। ਇਹਨਾਂ ਦੋਹਾਂ ਸਿਆਸੀ ਪਾਰਟੀਆਂ ਦੀ ਸਿਆਸਤ ਦਾ ਧੁਰਾ ਸ਼ੁਰੂ ਤੋਂ ਹੀ ਸਿੱਖਾਂ ਅਤੇ ਗੈਰ ਸਿੱਖਾਂ ਦੁਆਲੇ ਘੁੰਮਦਾ ਰਿਹਾ ਹੈ। ਅਗਰ ਸਿੱਖ ਤੇ ਗੈਰ ਸਿੱਖ ਆਪਸ ਵਿੱਚ ਲੜਦੇ ਰਹਿਣ, ਤਾਂ ਇਹਨਾਂ ਦੀਆਂ ਵਾਛਾਂ ਖਿਲੀਆਂ ਰਹਿੰਦੀਆਂ ਹਨ, ਇਕੱਠੇ ਹੋਕੇ ਬਹਿੰਦੇ ਹਨ ਤਾਂ ਇਹਨਾਂ ਦੇ ਪਿੱਸੂ ਪੈ ਜਾਂਦੇ ਹਨ, ਜਿਵੇਂ ਕਿ ਬਰਗਾੜੀ ਰੈਲੀ ਦੀ ਭੀੜ ਵਿੱਚ ਗੈਰ ਸਿੱਖਾਂ ਦੇ ਸਿਰ ਵੇਖ ਕੇ ਪਏ ਹਨ। 

ਦੋਸਤੋ, ਬਰਗਾੜੀ ਰੈਲੀ ਨੇ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਰੈਲੀਆਂ ਨੂੰ ਤਾਂ ਠੁੱਸ ਕਰਕੇ ਰੱਖ ਹੀ ਦਿੱਤਾ ਹੈ, ਬੇਅਦਬੀਆਂ ਦੇ ਮਾਮਲੇ ਤੇ ਸਿੱਖਾਂ ਅਤੇ ਗੈਰ ਸਿੱਖਾਂ ਨੂੰ ਇਕੱਠੇ ਕਰਕੇ ਰੱਖ ਦਿੱਤਾ ਹੈ। ਅਗਰ ਖ਼ੁਫ਼ੀਆ ਏਜੰਸੀਆਂ ਦੀ ਸੂਚਨਾਵਾਂ ਗਲਤ ਨਹੀਂ ਹਨ ਤਾਂ, ਸ਼ਾਇਦ ਅਕਾਲੀਆਂ ਤੇ ਕਾਂਗਰਸੀਆਂ ਲਈ ਇਸ ਤੋਂ ਵੱਡੀ ਬਦਸ਼ਗਨੀ ਅਤੇ ਅਣਹੋਣੀ ਵਾਲੀ ਕੋਈ ਹੋਰ ਗੱਲ ਨਹੀਂ ਹੋ ਸਕਦੀ। ਹੈਰਾਨ ਨਾ ਹੋਇਓ, ਅਗਰ ਆਉਣ ਵਾਲੇ ਦਿਨਾਂ ਵਿੱਚ ਸਿੱਖਾਂ ਅਤੇ ਗੈਰ ਸਿੱਖਾਂ ਦੇ ਹੱਥਾਂ ਵਿੱਚ ਡੰਡੇ ਸੋਟੇ ਤੇ ਤਲਵਾਰਾਂ ਨਜ਼ਰ ਆ ਜਾਣ ਤਾਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।