ਟ੍ਰੇਨ ਦੀ ਲਪੇਟ 'ਚ ਆਉਣ ਕਾਰਨ ਗਈ ਇੱਕ ਹੋਰ ਅਣਪਛਾਤੇ ਵਿਅਕਤੀ ਦੀ ਜਾਨ

Last Updated: Oct 12 2018 12:40

ਲੁਧਿਆਣਾ-ਅੰਬਾਲਾ ਰੇਲ ਸੈਕਸ਼ਨ ਤੇ ਪੈਂਦੇ ਢੰਡਾਰੀ ਰੇਲਵੇ ਸਟੇਸ਼ਨ ਨਜ਼ਦੀਕ ਬੀਤੀ ਰਾਤ ਨਾਮਾਲੂਮ ਟ੍ਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਦੌਰਾਨ ਰੇਲਗੱਡੀ ਨਾਲ ਮ੍ਰਿਤਕ ਦਾ ਸਰੀਰ ਬੁਰੀ ਤਰ੍ਹਾਂ ਕੱਟੇ ਜਾਣ ਦੇ ਚੱਲਦੇ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ। ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਅਦ ਜੀਆਰਪੀ ਮੁਲਾਜ਼ਮਾਂ ਨੇ ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਮੌਕਾ ਮੁਆਇਨਾ ਕਰਨ ਦੇ ਬਾਅਦ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਹਿਚਾਣ ਤੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤਾ ਹੈ। ਰੇਲਵੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਦਸੇ ਸਬੰਧੀ ਰੇਲਵੇ ਪੁਲਿਸ ਚੌਂਕੀ ਢੰਡਾਰੀ ਕਲਾਂ ਦੇ ਇੰਚਾਰਜ਼ ਏਐਸਆਈ ਗੁਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੇਲਵੇ ਸਟੇਸ਼ਨ ਮਾਸਟਰ ਨੇ ਬੀਤੀ ਰਾਤ ਜੀਆਰਪੀ ਚੌਂਕੀ 'ਚ ਸੂਚਨਾ ਦਿੱਤੀ ਸੀ ਕਿ ਢੰਡਾਰੀ ਅਤੇ ਸਾਹਨੇਵਾਲ ਰੇਲਵੇ ਸਟੇਸ਼ਨ ਦਰਮਿਆਨ ਪੈਂਦੇ ਕਿੱਲੋਮੀਟਰ ਨੰ.365 ਦੇ ਖੰਬਾ ਨੰ.17-19 ਕੋਲ ਕਿਸੇ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟ੍ਰੇਨ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਕੱਟੇ ਗਏ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਅਤੇ ਹਾਲਾਤ ਦੇਖਣ ਤੋਂ ਜਾਪਦਾ ਹੈ ਕਿ ਮ੍ਰਿਤਕ ਦੀ ਮੌਤ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆਉਣ ਕਾਰਨ ਹੋਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਿਰ ਤੋਂ ਮੋਨੇ ਕਰੀਬ 50 ਤੋਂ 55 ਸਾਲ ਦਰਮਿਆਨ ਉਮਰ ਦੇ ਜਾਪਦੇ ਮ੍ਰਿਤਕ ਦੇ ਪਹਿਨੇ ਹੋਏ ਕੱਪੜਿਆਂ 'ਚੋਂ ਉਸਦੀ ਸ਼ਨਾਖਤ ਸਬੰਧੀ ਕੋਈ ਪਹਿਚਾਣ ਪੱਤਰ ਜਾਂ ਦਸਤਾਵੇਜ਼ ਨਾ ਮਿਲਣ ਕਾਰਨ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ। ਜਿਸਦੇ ਚੱਲਦੇ ਲਾਸ਼ ਨੂੰ ਪਹਿਚਾਣ ਅਤੇ ਪੋਸਟਮਾਰਟਮ ਕਰਵਾਉਣ ਸਬੰਧੀ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਦੇ ਡੈੱਡਹਾਊਸ 'ਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਕਰਵਾਉਣ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।