ਟਰੈਫ਼ਿਕ ਪੁਲਿਸ ਬਟਾਲਾ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਕੱਟੇ ਚਲਾਨ

Last Updated: Oct 12 2018 12:39

ਬੀਤੇ ਦਿਨ ਟਰੈਫ਼ਿਕ ਪੁਲਿਸ ਬਟਾਲਾ ਦੇ ਇੰਚਾਰਜ ਸਬ ਇੰਸਪੈਕਟਰ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਟਰੈਫ਼ਿਕ ਪੁਲਿਸ ਬਟਾਲਾ ਵੱਲੋਂ ਸ਼ਹਿਰ ਵਿੱਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਟਰੈਫ਼ਿਕ ਇੰਚਾਰਜ ਲਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਏ.ਐਸ.ਆਈ. ਗੁਰਲਾਲ ਸਿੰਘ, ਐਚ.ਸੀ. ਦਲਜੀਤ ਸਿੰਘ ਅਤੇ ਐਚ.ਸੀ. ਹਰਮਨਪ੍ਰੀਤ ਸਿੰਘ ਆਦਿ ਸ਼ਾਮਿਲ ਸਨ, ਵੱਲੋਂ ਸਥਾਨਕ ਡੇਰ੍ਹਾ ਰੋਡ ਅਤੇ ਸ਼ਹੀਦ ਭਗਤ ਸਿੰਘ ਲਿੰਕ ਰੋਡ 'ਤੇ 'ਨੋ-ਐਂਟਰੀ' ਦੀ ਉਲੰਘਣਾ ਕਰਕੇ ਦਿਨ ਵੇਲੇ ਹੀ ਮਾਲ ਉਤਾਰ ਰਹੇ ਟਰੱਕਾਂ ਦਾ ਮੌਕੇ ਤੇ ਚਲਾਨ ਕੀਤਾ ਗਿਆ। ਇਸ ਮੌਕੇ ਟਰੈਫ਼ਿਕ ਪੁਲਿਸ ਬਟਾਲਾ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਟਰੈਫ਼ਿਕ ਦੀ ਸਮੱਸਿਆ ਨੂੰ ਹੱਲ ਲਈ ਟਰੈਫ਼ਿਕ ਵਿਭਾਗ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੀ ਆਵਾਜਾਈ ਵਿਵਸਥਾ ਵਿੱਚ ਸੁਧਾਰ ਕਰਨ ਲਈ 'ਨਿਊਜ਼ਨੰਬਰ' ਦੀ ਟੀਮ ਵੱਲੋਂ 'ਨੋ ਐਂਟਰੀ' ਦੌਰਾਨ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਟਰੱਕਾਂ ਅਤੇ ਭਾਰ ਢੋਣ ਵਾਲੇ ਹੋਰ ਵੱਡੇ ਵਾਹਨਾਂ ਦਾ ਮਸਲਾ ਬੇਬਾਕੀ ਨਾਲ ਪ੍ਰਕਾਸ਼ਿਤ ਕਰਕੇ ਸਥਾਨਕ ਪ੍ਰਸ਼ਾਸਨ ਅਤੇ ਟਰੈਫ਼ਿਕ ਵਿਭਾਗ ਬਟਾਲਾ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ 'ਨਿਊਜ਼ਨੰਬਰ' ਵੱਲੋਂ ਪਿਛਲੇ ਦਿਨੀਂ ਸਕੂਲੀ ਬੱਚਿਆਂ ਦੁਆਰਾ ਸ਼ਹਿਰ ਵਿੱਚ ਬਿਨਾਂ ਕਿਸੇ ਰੋਕ-ਟੋਕ ਦੇ ਚਲਾਏ ਜਾ ਰਹੇ 'ਦੋ-ਪਹੀਆ' ਵਾਹਨਾਂ ਦਾ ਮਸਲਾ ਉਜਾਗਰ ਕਰਨ ਤੋਂ ਬਾਅਦ ਇਸ ਸਬੰਧ ਵਿੱਚ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਨੂੰ ਜਾਰੀ ਕੀਤੀਆਂ ਗਈਆਂ ਚਿੱਠੀਆਂ ਅਤੇ ਟਰੈਫ਼ਿਕ ਪੁਲਿਸ ਬਟਾਲਾ ਦੇ ਇੰਚਾਰਜ ਲਖਵਿੰਦਰ ਸਿੰਘ ਵੱਲੋਂ ਚੁੱਕੇ ਗਏ ਲੋੜੀਂਦੇ ਕਦਮਾਂ ਦੇ ਚਲਦਿਆਂ ਸ਼ਹਿਰ ਦੇ ਸਕੂਲਾਂ ਵਿੱਚ ਵੱਡਾ ਸੁਧਾਰ ਵੇਖਣ ਨੂੰ ਮਿਲਿਆ ਹੈ।