ਪੈਸੇ ਦੀ ਠੱਗੀ ਤੋਂ ਤੰਗ ਸਰਕਾਰੀ ਦਰਜਾ ਚਾਰ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਦੋ ਖ਼ਿਲਾਫ਼ ਮਾਮਲਾ ਦਰਜ

Last Updated: Oct 12 2018 12:33
Reading time: 0 mins, 57 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਮੰਡੀ ਬਰੀਵਾਲਾ ਦੇ ਵਿੱਚ ਇੱਕ ਦਰਜਾ ਚਾਰ ਕਰਮਚਾਰੀ ਦੇ ਵੱਲੋਂ ਪੈਸੇ ਦੀ ਠੱਗੀ ਦੇ ਚੱਲਦੇ ਖ਼ੁਦਕੁਸ਼ੀ ਕਰ ਲਈ ਗਈ। ਇਸ ਮ੍ਰਿਤਕ ਕਰਮਚਾਰੀ ਦੀ ਪਹਿਚਾਣ ਸੋਮਪਾਲ (52) ਵਾਸੀ ਬਰੀਵਾਲਾ ਵਜੋਂ ਹੋਈ ਹੈ ਜੋ ਕਿ ਸਥਾਨਕ ਮਾਰਕੀਟ ਕਮੇਟੀ ਵਿੱਚ ਨੌਕਰੀ ਕਰਦਾ ਸੀ। ਜਾਣਕਾਰੀ ਅਨੁਸਾਰ ਉਸਨੇ ਆਪਣੇ ਘਰ ਦੇ ਵਿੱਚ ਫਾਹਾ ਲੈ ਲਿਆ ਅਤੇ ਇਸ ਦੌਰਾਨ ਉਸਦੀ ਜੇਬ ਵਿੱਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ ਤੇ ਪੁਲਿਸ ਨੇ ਦੋ ਲੋਕਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਅਤੇ ਠੱਗੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਪਹਿਚਾਣ ਜਬਰਜੰਗ ਸਿੰਘ ਅਤੇ ਇੱਕ ਔਰਤ ਰਾਣੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਨੇ ਕੁਝ ਸਮਾਂ ਪਹਿਲਾਂ ਸੋਮਪਾਲ ਦੇ ਨਾਮ ਤੇ ਲੋਨ ਲੈ ਕੇ ਇੱਕ ਕਾਰ ਖਰੀਦੀ ਸੀ ਅਤੇ ਬਾਅਦ ਵਿੱਚ ਕਿਸ਼ਤਾਂ ਭਰਨ ਤੋਂ ਮੁੱਕਰ ਗਏ ਸਨ। ਇਸ ਕਾਰਨ ਸੋਮਪਾਲ ਨੂੰ ਕੁਝ ਦਿਨ ਪਹਿਲਾਂ ਬੈਂਕ ਵੱਲੋਂ ਚਾਰ ਲੱਖ ਦਾ ਇੱਕ ਨੋਟਿਸ ਆਇਆ ਅਤੇ ਪੈਸੇ ਜਲਦੀ ਭਰਨ ਲਈ ਕਿਹਾ ਗਿਆ। ਪਰਿਵਾਰ ਦੇ ਅਨੁਸਾਰ ਸੋਮਪਾਲ ਨੇ ਜਦੋਂ ਇਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਤਾਂ ਇਹ ਮੁੱਕਰ ਗਏ ਅਤੇ ਇਸੇ ਪਰੇਸ਼ਾਨੀ ਦੇ ਚੱਲਦੇ ਉਸਨੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਲਿਆ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ।