ਅਧਿਆਪਕਾਂ ਨੇ ਮਸ਼ਾਲਾਂ ਬਾਲ ਕੇ ਵਿਧਾਇਕ ਰਾਜਾ ਵੜਿੰਗ ਦੇ ਘਰ ਅੱਗੇ ਕੀਤਾ ਪ੍ਰਦਰਸ਼ਨ

Last Updated: Oct 12 2018 12:17
Reading time: 0 mins, 57 secs

ਅਧਿਆਪਕਾਂ ਨੂੰ ਪੱਕੇ ਕਰਨ ਸਮੇਂ ਤਨਖਾਹ ਘਟਾਉਣ ਦੇ ਵਿਰੋਧ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਅਧਿਆਪਕਾਂ ਦੇ ਵੱਲੋਂ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਬੀਤੀ ਦੇਰ ਸ਼ਾਮ ਕੀਤੇ ਇਸ ਪ੍ਰਦਰਸ਼ਨ ਦੇ ਦੌਰਾਨ ਅਧਿਆਪਕਾਂ ਦੇ ਵੱਲੋਂ ਮਸ਼ਾਲਾਂ ਬਾਲ ਕੇ ਕਾਂਗਰਸ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਓ.ਪੀ.ਸੋਨੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਆਪਕ ਅਤੇ ਵਿਦਿਆਰਥੀ ਵਿਰੋਧੀ ਚਿਹਰੇ ਨੂੰ ਜਨਤਾ ਦੀ ਅਦਾਲਤ ਵਿੱਚ ਨੰਗਾ ਕੀਤਾ ਜਾਵੇਗਾ। ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਦੇ 10-10 ਸਾਲ ਦੇ ਕੀਤੇ ਕੰਮ ਨੂੰ ਅੱਖੋਂ ਪਰੋਖੇ ਕਰ ਦੁਬਾਰਾ ਘੱਟ ਤਨਖਾਹ ਤੇ ਲਿਆਂਦਾ ਜਾ ਰਿਹਾ ਹੈ। ਅਧਿਆਪਕਾਂ ਦੇ ਅਨੁਸਾਰ ਅਜਿਹੇ ਵਿੱਚ ਇਹ ਅਧਿਆਪਕ ਜੋ ਹੁਣ ਖੁਦ ਬਾਲ ਬੱਚਿਆਂ ਵਾਲੇ ਹਨ ਅਤੇ ਘਰ ਦੀਆਂ ਤਿੰਨ ਪੀੜੀਆਂ ਦਾ ਖਰਚ ਇਸੇ ਤਨਖਾਹ ਨਾਲ ਚਲਾ ਰਹੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਨੇ ਕਸੂਤੀ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਅਤੇ ਪੂਰੀਆਂ ਤਨਖਾਹਾਂ ਦੇ ਲਈ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਇਹ ਅਧਿਆਪਕ ਆਪਣੇ ਬੱਚਿਆਂ ਦੇ ਸਮੇਤ ਇਸ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਸਰਕਾਰ ਦੇ ਖ਼ਿਲਾਫ਼ ਆਪਣੇ ਰੋਹ ਨੂੰ ਜ਼ਾਹਿਰ ਕੀਤਾ।