ਯੁਵਕ ਸੇਵਾਵਾਂ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਰੈਲੀ ਰਵਾਨਾ.!!

Last Updated: Oct 11 2018 19:38

ਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਸੰਜੇ ਕੁਮਾਰ ਪੰਜਾਬ ਦੇ ਹੁਕਮਾਂ ਅਨੁਸਾਰ ਪਰਾਲੀ ਨਾ ਸਾੜਨ ਸਬੰਧੀ ਅਤੇ ਇਸ ਦੇ ਨੁਕਸਾਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਵੱਲੋਂ ਇੱਕ ਵਿਸ਼ਾਲ ਰੈਲੀ ਭਗਤ ਸਿੰਘ ਸਟੇਡੀਅਮ ਤੋਂ ਰਵਾਨਾ ਹੋਈ, ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ ਰਵਿੰਦਰਪਾਲ ਸਿੰਘ ਸੰਧੂ ਵੱਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਦਫ਼ਤਰ ਫ਼ਿਰੋਜ਼ਪੁਰ ਤੋਂ ਸਾਵਣਦੀਪ ਸ਼ਰਮਾ ਪ੍ਰੋਜੈਕਟ ਡਾਇਰੈਕਟਰ ਆਤਮਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨਾ ਹੈ।

ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਇਸ ਤੋਂ ਪੈਦਾ ਹੋਏ ਧੂੰਏਂ ਨਾਲ ਕੈਂਸਰ ਅਤੇ ਸਾਹ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਲਈ ਸਾਨੂੰ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣੀ ਚਾਹੀਦੀ ਹੈ ਤਾਂ ਜੋ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਿਆ ਰਹੇ। ਉਨ੍ਹਾਂ ਵੱਲੋਂ ਯੁਵਕ ਸੇਵਾਵਾਂ ਵਿਭਾਗ ਦੇ ਇਸ ਤਰ੍ਹਾਂ ਦੇ ਵਾਤਾਵਰਨ ਦੀ ਸੁਰੱਖਿਆ ਵਰਗੇ ਕੰਮਾਂ ਲਈ ਸ਼ਲਾਘਾ ਵੀ ਕੀਤੀ ਗਈ। ਇਸ ਰੈਲੀ ਵਿੱਚ ਸ.ਸ.ਸ.ਸ.(ਲੜਕੇ), ਐਮ.ਐਲ.ਐਮ. ਸ.ਸ.ਸ., ਆਈ.ਟੀ.ਆਈ (ਲੜਕੀਆਂ), ਦੇਵ ਸਮਾਜ ਸ.ਸ.ਸ.(ਲੜਕੀਆਂ)ਅਤੇ ਡੀ.ਏ.ਵੀ. ਸ.ਸ.ਸਕੂਲ (ਲੜਕੀਆਂ) ਦੇ ਲਗਭਗ 1000 ਵਲੰਟੀਅਰਜ਼ ਨੇ ਭਾਗ ਲਿਆ।

ਇਸ ਮੌਕੇ ਪ੍ਰਗਟ ਸਿੰਘ ਬਰਾੜ ਡਿਪਟੀ ਡੀ.ਈ.ਓ.(ਸੈਕੰ.), ਪ੍ਰਿੰਸੀਪਲ ਜਗਦੀਪ ਪਾਲ ਸਿੰਘ ਵੱਲੋਂ ਕਿਹਾ ਗਿਆ ਕਿ ਨੌਜਵਾਨਾਂ ਦੇ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਹੀ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਸਕਦਾ ਹੈ, ਕਿਉਂਕਿ ਨੌਜਵਾਨ ਹੀ ਸਮਾਜ ਨੂੰ ਬਦਲ ਸਕਦੇ ਹਨ। ਇਹ ਰੈਲੀ ਸਟੇਡੀਅਮ ਤੋਂ ਰਵਾਨਾ ਹੋ ਕੇ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਫਿਰ ਵਾਪਸ ਸਟੇਡੀਅਮ ਪਹੁੰਚੀ। ਇਸ ਰੈਲੀ ਵਿੱਚ ਨੌਜਵਾਨਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਇਸ ਦੇ ਨਾ ਸਾੜਨ ਦੇ ਫ਼ਾਇਦੇ ਦੱਸਦੇ ਹੋਏ ਨਾਅਰੇ ਲਗਾਏ ਗਏ।