ਹਵਾ, ਪਾਣੀ ਤੇ ਮਿੱਟੀ ਦਾ ਪ੍ਰਦੂਸ਼ਣ ਖ਼ਤਮ ਕਰਨ ਲਈ ਸਭਨਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ: ਡਾ. ਸਰਬਜੀਤ ਸਿੰਘ ਕੰਧਾਰੀ

Last Updated: Oct 11 2018 19:25

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹਾੜੀ ਦੀਆਂ ਫ਼ਸਲਾਂ ਸਬੰਧੀ ਵਿਸ਼ਾਲ ਕਿਸਾਨ ਮੇਲਾ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਡਾ. ਸਰਬਜੀਤ ਸਿੰਘ ਕੰਧਾਰੀ ਨੇ ਕਿਹਾ ਕਿ ਜੀਵਨ ਦੇ ਮੂਲ ਤੱਤ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਮਨੁੱਖੀ ਅਤੇ ਜੀਵ-ਜੰਤੂਆਂ ਦੀ ਹੋਂਦ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣਾ ਤਾਂ ਹੀ ਸਾਰਥਕ ਹੈ, ਜੇਕਰ ਅਸੀਂ ਉਨ੍ਹਾਂ ਵੱਲੋਂ ਦਰਸਾਏ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ' ਦੇ ਫਲਸਫ਼ੇ ਨੂੰ ਆਪਣੇ ਅਮਲਾਂ ਰਾਹੀਂ ਲਾਗੂ ਕਰੀਏ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਵਿਅਕਤੀਗਤ ਕਿਸਾਨਾਂ ਨੂੰ 50 ਫੀਸਦੀ ਅਤੇ ਫਾਰਮਰ ਗਰੁੱਪਾਂ ਨੂੰ 80 ਫੀਸਦੀ ਸਬਸਿਡੀ ਤੇ ਸਹਾਇਕ ਮਸ਼ੀਨਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਸ਼ੀਨਰੀ ਦੇ ਬਿੱਲਾਂ ਦੀ ਵੈਰੀਫਿਕੇਸ਼ਨ ਹੋਣ ਦੇ ਹਫ਼ਤੇ ਦੇ ਅੰਦਰ-ਅੰਦਰ ਸਬਸਿਡੀ, ਕਿਸਾਨ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। 

ਇਸ ਮੌਕੇ ਐਸ.ਡੀ.ਐਮ ਸੁਲਤਾਨਪੁਰ ਡਾ. ਚਾਰੂਮਿਤਾ ਨੇ ਕਿਹਾ ਕਿ ਕੌਮੀ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਵੱਲੋਂ 0 ਫੀਸਦੀ 'ਪੈਡੀ ਸਟਰਾਅ ਬਰਨਿੰਗ' ਦਾ ਸੰਕਲਪ ਲਿਆ ਗਿਆ ਹੈ, ਜਿਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜਨ ਅਤੇ ਇਸ ਨੂੰ ਖੇਤਾਂ ਵਿੱਚ ਹੀ ਰਲਾ ਕੇ ਵਾਤਾਵਰਨ ਅਤੇ ਮਿੱਟੀ ਨੂੰ ਸਿਹਤਮੰਦ ਬਣਾਉਣ ਵਿੱਚ ਯੋਗਦਾਨ ਦੇਣ। 

ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਬਹੁਭਾਂਤੀ ਫ਼ਸਲੀ ਪ੍ਰਣਾਲੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਹਟ ਕੇ ਵੱਡੇ ਪੱਧਰ 'ਤੇ ਸਬਜ਼ੀਆਂ ਪੈਦਾ ਕਰਕੇ ਆਮਦਨ ਦੇ ਵਾਧੂ ਸਰੋਤ ਪੈਦਾ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ 'ਤੇ ਬੇਲੋੜੀਆਂ ਜ਼ਹਿਰਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਰਸਾਇਣਿਕ ਜ਼ਹਿਰਾਂ ਨਾਲ ਹੈਵੀ ਮੈਟਲ ਸਾਡੀ ਖੁਰਾਕ ਦਾ ਹਿੱਸਾ ਬਣ ਰਹੇ ਹਨ, ਜਿਸ ਨਾਲ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਜੁਗਰਾਜ ਸਿੰਘ ਮਰੋਕ ਨੇ ਇਸ ਮੌਕੇ ਪਰਾਲੀ ਪ੍ਰਬੰਧਨ ਦੇ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਵੀ 18 ਅਕਤੂਬਰ ਨੂੰ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਜਸਵੀਰ ਸਿੰਘ ਖਿੰਡਾ, ਡਾ. ਓਂਕਾਰ ਸਿੰਘ, ਡਾ. ਪ੍ਰਦੀਪ ਕੁਮਾਰ ਡਾ. ਅਸ਼ਵਨੀ ਕੁਮਾਰ, ਡਾ. ਕੁਲਵਿੰਦਰ ਸਿੰਘ ਸੰਧੂ, ਸ. ਰੇਸ਼ਮ ਸਿੰਘ ਫੀਲਡ ਅਫ਼ਸਰ, ਸ੍ਰੀ ਪਰਮਿੰਦਰ ਕੁਮਾਰ, ਡਾ. ਗੁਰਦੀਪ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਬਲਕਾਰ ਸਿੰਘ, ਡਾ. ਅਮਨਦੀਪ ਸ਼ਰਮਾ, ਡਾ. ਕੇਵਲ ਸਿੰਘ ਭਿੰਡਰ, ਜਸਬੀਰ ਕੌਰ ਅਤੇ ਮਨਦੀਪ ਸਿੰਘ ਨੇ ਵੀ ਇਸ ਮੌਕੇ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾ ਕੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ, ਕਿਸਾਨਾਂ ਨੂੰ ਅਤਿ ਆਧੁਨਿਕ ਖੇਤੀ ਤਕਨੀਕਾਂ ਰਾਹੀਂ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਆਦਿ ਵੱਖ-ਵੱਖ ਵਿਸ਼ਿਆਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ।

ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਦੀ ਤਰਫੋਂ ਨਰਿੰਦਰ ਸਿੰਘ ਜੈਨਪੁਰ ਨੇ ਮੇਲੇ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਖੇਤੀ ਮਸ਼ੀਨਰੀ ਨਾਲ ਸਬੰਧਿਤ ਪ੍ਰਦਰਸ਼ਨੀਆਂ ਮੇਲੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਰੇਸ਼ਮ ਮੈਡੀਕਲ ਪਲਾਂਟ ਨਰਸਰੀ ਦੇ ਸਟਾਲ 'ਤੇ ਮੈਡੀਸੀਡਲ ਪਲਾਂਟ ਖ਼ਰੀਦਣ ਵਾਲਿਆਂ ਦੀ ਖਾਸੀ ਭੀੜ ਰਹੀ। ਇਸ ਮੌਕੇ ਡਾ. ਵਿਸ਼ਾਲ ਕੌਸ਼ਲ ਅਤੇ ਡਾ. ਜਸਪਾਲ ਸਿੰਘ ਧੰਜੂ ਵੱਲੋਂ ਪਾਵਰ ਪੇਸ਼ਕਾਰੀ ਰਾਹੀਂ ਪਰਾਲੀ ਪ੍ਰਬੰਧਨ ਸਿੱਧਾ ਦਿਖਾਇਆ ਗਿਆ। ਮੇਲੇ ਦੌਰਾਨ ਕਈ ਸਾਲਾਂ ਤੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਸਾਧੂ ਸਿੰਘ ਸੈਦੋਵਾਲ, ਨਛੱਤਰ ਸਿੰਘ ਖੁਖਰੈਣ, ਨਿੰਦਰਪਾਲ ਸਿੰਘ ਸਿੱਧਵਾਂ, ਜਸਵੀਰ ਸਿੰਘ ਨੰਗਲ, ਅਮਰਜੀਤ ਸਿੰਘ ਸ਼ਾਲਾਪੁਰ ਬੇਟ, ਰਣਜੋਧ ਸਿੰਘ ਹਾਜ਼ੀਪੁਰ, ਕੁਲਵੰਤ ਕੌਰ ਖਿਜਰਪੁਰ ਅਤੇ ਆਰਗੈਨਿਕ ਖੇਤੀ ਕਰਨ ਵਾਲੇ ਅਮਰੀਕ ਸਿੰਘ ਹਰਨਾਮਪੁਰ ਨੂੰ ਸਨਮਾਨਿਤ ਕੀਤਾ ਗਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਡਾ. ਜਸਬੀਰ ਸਿੰਘ ਖਿੰਡਾ, ਡਾ. ਪਰਮਜੀਤ ਅਤੇ ਪ੍ਰਦੀਪ ਕੌਰ ਨੂੰ ਵੀ ਵਿਲੱਖਣ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।