ਫ਼ਿਰੋਜ਼ਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਗਰਭਵਤੀ ਔਰਤ ਸਣੇ 2 ਦੀ ਮੌਤ..!!!

Last Updated: Oct 11 2018 19:23

ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਮਹਿਮਾ ਅਤੇ ਰੋੜੇ ਵਾਲਾ ਪਿੰਡ ਦੇ ਵਿਚਕਾਰ ਪੈਂਦੀਆਂ ਨਹਿਰਾਂ ਦੇ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਗਰਭਵਤੀ ਔਰਤ ਸਮੇਤ 2 ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਦੋਂਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਬਿੰਦਰ ਪਤਨੀ ਸੋਨੂੰ ਅਤੇ ਏਕਮ ਪੁੱਤਰੀ ਸੋਨੂੰ ਵਾਸੀ ਦਿਲਾਰਾਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਿੰਦਰ ਕਰੀਬ 7-8 ਮਹੀਨੇ ਦੀ ਗਰਭਵਤੀ ਸੀ। 

ਮਿਲੀ ਜਾਣਕਾਰੀ ਮੁਤਾਬਿਕ ਬਿੰਦਰ ਆਪਣੇ ਪੇਕੇ ਪਿੰਡ ਨਸੀਰਾ ਖਲਚੀਆਂ ਵਿਖੇ ਆਪਣੀ ਧੀ ਏਕਮ ਦੇ ਨਾਲ ਆਪਣੇ ਪਿਤਾ ਵੀਰੂ ਸਮੇਤ ਤਿੰਨੋਂ ਜਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸਨ, ਜਦੋਂ ਉਹ ਪਿੰਡ ਮਹਿਮਾ ਅਤੇ ਰੋੜੇ ਵਾਲਾ ਪਿੰਡ ਦੇ ਵਿਚਕਾਰ ਪੈਂਦੀਆਂ ਨਹਿਰਾਂ ਦੇ ਕੋਲ ਪਹੁੰਚੇ ਤਾਂ ਇਸ ਦੌਰਾਨ ਇੱਕ ਟਰੈਕਟਰ ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਗਰਭਵਤੀ ਬਿੰਦਰ ਅਤੇ ਏਕਮ ਦੀ ਮੌਤ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਵੀਰੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਕੇ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਟਰੈਕਟਰ ਚਾਲਕ ਟੱਕਰ ਮਾਰਨ ਤੋਂ ਤੁਰੰਤ ਬਾਅਦ ਮੌਕੇ 'ਤੋਂ ਫ਼ਰਾਰ ਹੋ ਗਿਆ।