ਬਾਬਾ ਹਜ਼ਾਰਾ ਸਿੰਘ ਦੀ ਬਰਸੀ ਮੌਕੇ ਘੋਸ਼ਿਤ ਕੀਤੀ ਗਈ ਸਰਕਾਰੀ ਛੁੱਟੀ ਰੱਦ ਹੋਣ ਪਿੱਛੋਂ ਭਖਿਆ ਵਿਵਾਦ

Last Updated: Oct 11 2018 19:31

ਬ੍ਰਹਮ ਗਿਆਨੀ ਸੰਤ 'ਬਾਬਾ ਹਜ਼ਾਰਾ ਸਿੰਘ ਜੀ' ਨਿੱਕੇ ਘੁੰਮਣਾਂ ਵਾਲਿਆਂ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ 15 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ, ਬੀਤੀ 9 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵੱਲੋਂ ਸਮੁੱਚੇ ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਬਾਕਾਇਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਸੀ, ਪਰ ਉਸੇ ਹੀ ਦਿਨ ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਸਮਾਗਮਾਂ ਦੇ ਸਬੰਧ ਵਿੱਚ ਘੋਸ਼ਿਤ ਕੀਤੀ ਗਈ ਛੁੱਟੀ ਰੱਦ ਕਰ ਦਿੱਤੇ ਜਾਣ ਕਾਰਨ ਇਲਾਕੇ ਵਿੱਚ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਇਸ ਮਸਲੇ ਨੂੰ ਲੈ ਕੇ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਬਾਬਾ ਹਜ਼ਾਰਾ ਸਿੰਘ ਦੇ ਪੋਤਰੇ ਬਾਬਾ ਬੁੱਧ ਸਿੰਘ ਅਤੇ ਗੁਰਦੁਆਰਾ 'ਤਪ ਅਸਥਾਨ' ਨਿੱਕੇ ਘੁੰਮਣਾਂ ਦੇ ਮੁੱਖ ਪ੍ਰਬੰਧਕ ਬਾਬਾ ਅਮਰੀਕ ਸਿੰਘ ਆਹਮੋ-ਸਾਹਮਣੇ ਹੋ ਗਏ ਹਨ।

ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬੁੱਧ ਸਿੰਘ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਦੱਸਦੇ ਹੋਏ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਬਾਬਾ ਬੁੱਧ ਸਿੰਘ ਨੇ ਗੁਰਦੁਆਰਾ 'ਸ੍ਰੀ ਅੰਗੀਠਾ ਸਾਹਿਬ' ਨਿੱਕੇ ਘੁੰਮਣਾਂ ਵਿਖੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਬਰਸੀ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੋਸ਼ਿਤ ਕੀਤੀ ਗਈ ਸਰਕਾਰੀ ਛੁੱਟੀ ਰੰਜਸ਼ ਤਹਿਤ ਰੱਦ ਕਰਵਾਉਣ ਲਈ ਗੁਰਦੁਆਰਾ 'ਤਪ ਅਸਥਾਨ' ਨਿੱਕੇ ਘੁੰਮਣਾਂ ਦੇ ਮੁੱਖ ਪ੍ਰਬੰਧਕ ਬਾਬਾ ਅਮਰੀਕ ਸਿੰਘ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਰਸੀ ਸਮਾਗਮਾਂ 'ਤੇ ਘਟੀਆ ਰਾਜਨੀਤੀ ਕੀਤੇ ਜਾਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੀਆਂ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਕੇ ਗੁਰੂ ਘਰਾਂ ਵਿੱਚ ਹੋ ਰਹੀ ਸਿਆਸੀ ਦਖ਼ਲ-ਅੰਦਾਜ਼ੀ ਰੋਕਣ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।