ਚੋਰੀ ਦੇ ਮਾਮਲੇ 'ਚ ਭਗੌੜਾ ਚੱਲ ਰਹੇ ਮੁਜ਼ਰਮ ਨੂੰ ਨੱਪ ਕੇ ਪੁਲਿਸ ਨੇ ਭੇਜਿਆ ਜੇਲ੍ਹ

Last Updated: Oct 11 2018 19:00
Reading time: 1 min, 20 secs

ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਵੱਖ-ਵੱਖ ਪੁਲਿਸ ਥਾਣਿਆਂ 'ਚ ਦਰਜ ਹੋਏ ਮਾਮਲਿਆਂ ਸਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਮੁਜ਼ਰਮਾਂ ਨੂੰ ਕਾਬੂ ਕਰਨ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਖੰਨਾ ਪੁਲਿਸ ਵੱਲੋਂ ਕਰੀਬ ਪੰਜ ਸਾਲ ਪਹਿਲਾਂ ਚੋਰੀ ਕਰਨ ਦੇ ਇਲਜ਼ਾਮ 'ਚ ਦਰਜ ਮਾਮਲੇ ਸਬੰਧੀ ਭਗੌੜਾ ਚੱਲ ਰਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਜਗਤਾਰ ਸਿੰਘ ਉਰਫ ਤਾਰੀ ਵਾਸੀ ਪਿੰਡ ਘਣਗਸ (ਥਾਣਾ ਪਾਇਲ) ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਕਾਬੂ ਕੀਤੇ ਆਰੋਪੀ ਨੂੰ ਅਦਾਲਤ 'ਚ ਪੇਸ਼ ਕਰਕੇ ਦੁਬਾਰਾ ਜੇਲ੍ਹ ਭੇਜ ਦਿੱਤਾ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਪਾਇਲ 'ਚ ਤਾਇਨਾਤ ਏਐਸਆਈ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਸਐਸਪੀ ਧਰੁਵ ਦਹਿਆ ਵੱਲੋਂ ਅਦਾਲਤ 'ਚੋਂ ਭਗੌੜਾ ਕਰਾਰ ਦਿੱਤੇ ਗਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ਾਂ ਤਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।

ਗ੍ਰਿਫ਼ਤਾਰ ਕੀਤੇ ਆਰੋਪੀ ਜਗਤਾਰ ਸਿੰਘ ਉਰਫ ਤਾਰੀ ਦੇ ਖ਼ਿਲਾਫ਼ ਕਰੀਬ ਪੰਜ ਸਾਲ ਪਹਿਲਾਂ 30 ਜਨਵਰੀ 2014 ਨੂੰ ਚੋਰੀਸ਼ੁਦਾ ਸਾਮਾਨ ਸਮੇਤ ਕਾਬੂ ਕਰਕੇ ਚੋਰੀ ਕਰਨ ਦੇ ਦੋਸ਼ 'ਚ ਥਾਣਾ ਪਾਇਲ 'ਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਜ਼ਮਾਨਤ ਮਿਲਣ ਦੇ ਬਾਅਦ ਉਕਤ ਵਿਅਕਤੀ ਅਦਾਲਤੀ ਕਾਰਵਾਈ 'ਚ ਸ਼ਾਮਲ ਨਹੀਂ ਹੋ ਰਿਹਾ ਸੀ, ਜਿਸਦੇ ਚੱਲਦੇ ਸਬੰਧਿਤ ਅਦਾਲਤ ਵੱਲੋਂ ਜਗਤਾਰ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।

ਜਾਂਚ ਅਧਿਕਾਰੀ ਏਐਸਆਈ ਪਵਿੱਤਰ ਸਿੰਘ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਭਗੌੜਾ ਕਰਾਰ ਵਿਅਕਤੀ ਪਿੰਡ ਘਣਗਸ 'ਚ ਮੌਜੂਦ ਹੈ। ਸੂਚਨਾ ਮਿਲਣ ਦੇ ਬਾਅਦ ਉਨ੍ਹਾਂ ਵੱਲੋਂ ਪੁਲਿਸ ਪਾਰਟੀ ਦੇ ਨਾਲ ਪਿੰਡ ਘਣਗਸ ਦੇ ਕੋਲ ਛਾਪਾਮਾਰੀ ਕਰਕੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸਦੇ ਬਾਅਦ ਉਸਦੇ ਖ਼ਿਲਾਫ਼ ਦਰਜ ਮਾਮਲੇ ਸਬੰਧੀ ਪੁੱਛਗਿੱਛ ਕਰਨ ਦੇ ਉਪਰੰਤ ਅਦਾਲਤ 'ਚ ਪੇਸ਼ ਕਰਕੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।