ਪਿੰਡਾਂ ਦਾ ਜਾਇਜ਼ਾ ਲੈ ਚੰਦੂਮਾਜਰਾ ਨੇ ਕੀਤੀ ਮੁਆਵਜ਼ੇ ਦੀ ਮੰਗ

Last Updated: Oct 11 2018 17:55

ਪਿਛਲੀ ਹੋਈ ਵਰਖਾ ਅਤੇ ਗੜੇਮਾਰੀ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਲਗਭਗ ਹਰੇਕ ਪਿੰਡ ਵਿੱਚ ਹੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਬੀਤੀ ਰਾਤ ਇੱਕ ਵਾਰ ਫ਼ੇਰ ਤੋਂ ਸਨੌਰ ਦੇ ਆਸ-ਪਾਸ ਹੋਏ ਪਿੰਡਾਂ ਦੀ ਗੜੇਮਾਰੀ ਵਿੱਚ ਬਹੁਤ ਸਾਰੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ, ਜਿਸਦੀ ਸੂਚਨਾ ਮਿਲਦੇ ਹੀ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡਾਂ ਵਿੱਚ ਆਪ ਜਾ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਹੈ ਅਤੇ ਪੰਜਾਬ ਸਰਕਾਰ ਤੋਂ ਪੀੜ੍ਹਤਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਵਿਧਾਇਕ ਚੰਦੂਮਾਜਰਾ ਦੀ ਚੁਸਤੀ ਤੇ ਫੁਰਤੀ ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੇ ਵੀ ਬਾਅਦ ਵਿੱਚ ਜਾ ਕੇ ਗੜੇਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲ ਗੜੇਮਾਰੀ ਨਾਲ ਜਿਹੜੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਸੀ, ਉਸਦਾ ਮੁਆਵਜ਼ਾ ਕਿਸਾਨਾਂ ਨੂੰ ਸਵਾ ਸਾਲ ਬਾਅਦ ਜਾ ਕੇ ਮਿਲਿਆ ਸੀ ਕਿਉਂਕਿ ਇਸ ਵਾਰ ਨੁਕਸਾਨ ਉਸ ਤੋਂ ਕਿਤੇ ਜ਼ਿਆਦਾ ਹੋਇਆ ਹੈ, ਲਿਹਾਜ਼ਾ ਕਿਸਾਨਾਂ ਦੀ ਇਹ ਫਸਲ ਤਾਂ ਖਰਾਬ ਹੋ ਗਈ, ਅਗਲੀ ਫਸਲ ਦੀ ਸਮੇਂ ਸਿਰ ਬਿਜਾਈ ਕਰ ਲੈਣ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਸ 'ਤੇ ਐਕਸ਼ਨ ਲੈਂਦੇ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਵਿਧਾਇਕ ਚੰਦੂਮਾਜਰਾ ਨੇ ਇਹ ਵੀ ਮੰਗ ਕੀਤੀ ਕਿ ਇਨ੍ਹਾਂ ਇਲਾਕਿਆਂ ਵਿੱਚ ਝੋਨੇ ਦੀ ਫਸਲ ਖਰੀਦਦੇ ਸਮੇਂ ਨਿਰਧਾਰਿਤ ਕੀਤੀ ਗਈ ਨਮੀ ਦੀ 17 ਫੀਸਦੀ ਮਾਤਰਾ ਦੀ ਬਜਾਏ 20 ਫੀਸਦੀ ਮਾਤਰਾ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੀ ਫਸਲ ਵੇਚ ਸਕਣ। ਜੇਕਰ ਸਰਕਾਰ ਨੇ ਨਿਯਮ ਨਰਮ ਨਾ ਕੀਤੇ ਤਾਂ ਨਿਸ਼ਚਿਤ ਤੌਰ 'ਤੇ ਪਹਿਲਾਂ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਕਿਸਾਨ ਸਰਕਾਰ ਦੀ ਕਰੋਪੀ ਦੀ ਮਾਰ ਹੇਠ ਵੀ ਆ ਜਾਣਗੇ, ਜਿਸ ਨੂੰ ਕਿਸੇ ਵੀ ਕੀਮਤੀ 'ਤੇ ਸਹਿਣ ਨਹੀਂ ਕੀਤਾ ਜਾਵੇਗਾ।