ਇਤਿਹਾਸ ਦੇ ਵਿਸ਼ੇ ਨਾਲ ਵੀ ਮੌਜੂਦ ਹਨ ਰੋਜ਼ਗਾਰ ਦੇ ਅਵਸਰ: ਪ੍ਰੋ. (ਡਾ.) ਸੂਰੀ

Last Updated: Oct 11 2018 17:50
Reading time: 0 mins, 56 secs

ਸਥਾਨਕ ਹਿੰਦੂ ਕੰਨਿਆ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ "ਅਜੋਕੇ ਸਮੇਂ ਵਿੱਚ ਇਤਿਹਾਸ ਦਾ ਸਰੂਪ ਅਤੇ ਖੇਤਰ ਵਿੱਚ ਸੰਭਾਵਨਾਵਾਂ" ਵਿਸ਼ੇ ਉੱਪਰ ਇੱਕ ਗੈਸਟ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਚੇਅਰਪਰਸਨ ਪ੍ਰੋ. (ਡਾ.) ਅੰਜੂ ਸੂਰੀ ਨੇ ਬੱਚਿਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਵਿਦਿਆਰਥੀ ਲਈ ਰੋਜ਼ਗਾਰ ਦੇ ਬਹੁਤ ਮੌਕੇ ਮੌਜੂਦ ਹਨ। ਡਾ. ਸੂਰੀ ਨੇ ਕਿਹਾ ਕਿ ਇਹ ਵਿਸ਼ਾ ਸਿਵਲ ਪ੍ਰੀਖਿਆਵਾਂ ਦਾ ਮੁੱਢ ਹੈ। ਇਸ ਵਿਸ਼ੇ ਦੇ ਵਿਦਿਆਰਥੀਆਂ ਨੂੰ ਬਾਕੀਆਂ ਨਾਲੋਂ ਥੋੜ੍ਹਾ ਫ਼ਾਇਦਾ ਰਹਿੰਦਾ ਹੈ। ਇਸ ਤੋਂ ਇਲਾਵਾ ਉਹ ਪੁਰਾਲੇਖ ਵਿਭਾਗ ਵਿੱਚ ਵੀ ਰੋਜ਼ਗਾਰ ਹਾਸਲ ਕਰ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਵੈਸੇ ਵੀ ਵਰਤਮਾਨ ਨੂੰ ਸਹੀ ਦਿਸ਼ਾ ਦੇਣ ਲਈ ਪਿਛੋਕੜ ਨਾਲ ਤਾਲਮੇਲ ਅਤੇ ਸਾਂਝ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਜੋ ਸਹੀ ਭਵਿੱਖ ਦਾ ਨਿਰਮਾਣ ਕਰ ਸਕੀਏ। ਇਸ ਕਰਕੇ ਇਸ ਵਿਸ਼ੇ ਦਾ ਆਪਣਾ ਹੀ ਮਹੱਤਵ ਹੈ। ਡਾ. ਸੂਰੀ ਵਿਦਿਆਰਥੀਆਂ ਨਾਲ ਵੀ ਰੂਬਰੂ ਹੋਏ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਉੱਪਰ ਉਨ੍ਹਾਂ ਨੂੰ ਜੁਆਬ ਵੀ ਦਿੱਤੇ। ਇਸ ਮੌਕੇ ਤੇ ਕਾਲਜ ਦੇ ਇਤਿਹਾਸ ਵਿਭਾਗ ਦੀਆਂ ਉਪਲਬਦੀਆਂ ਬਾਰੇ ਇੱਕ ਪ੍ਰੈਜੈਂਟੇਸ਼ਨ ਵੀ ਦਿੱਤੀ ਗਈ। ਕਾਲਜ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ। ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਸ਼੍ਰੀਮਤੀ ਸੀਮਾ ਰਾਣੀ ਅਤੇ ਸ਼੍ਰੀਮਤੀ ਅਮਨਜੋਤੀ ਵੀ ਹਾਜ਼ਰ ਸਨ।