ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਲਗਵਾਏ ਚੈਕਅੱਪ ਕੈਂਪ 'ਚ 130 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਗਈ ਜਾਂਚ

Last Updated: Oct 11 2018 17:44
Reading time: 1 min, 37 secs

ਆਮ ਲੋਕਾਂ ਨੂੰ ਅੱਖਾਂ ਦੀਆਂ ਹੋਣ ਵਾਲੀਆਂ ਬਿਮਾਰੀਆਂ, ਇਸਦੇ ਕਾਰਨਾਂ, ਬਿਮਾਰੀਆਂ ਤੋਂ ਬਚਾਅ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਰੱਖਣ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ 'ਚ ਜਾਗਰੂਕਤਾ ਸਮਾਰੋਹ ਅਤੇ ਅੱਖਾਂ ਦੇ ਚੈਕਅੱਪ ਕੈਂਪ ਦਾ ਆਯੋਜਨ ਕਰਵਾਇਆ ਗਿਆ। ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਦੀ ਅਗਵਾਈ 'ਚ ਕਰਵਾਏ ਜਾਗਰੂਕਤਾ ਸਮਾਰੋਹ ਦੌਰਾਨ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦੀਆਂ ਅੱਖਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ-ਸੰਭਾਲ ਰੱਖਣ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਗਿਆ।

ਸਮਾਰੋਹ ਸਬੰਧੀ ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ ਹੈ। ਇਸ ਮੌਕੇ ਅੱਖਾਂ ਦੇ ਚੈਕਅੱਪ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ ਕਰੀਬ 130 ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਇਸਦੇ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਅੱਖਾਂ ਦੀ ਸਾਂਭ-ਸੰਭਾਲ ਰੱਖਣਾ ਹਰੇਕ ਵਿਅਕਤੀ ਲਈ ਜ਼ਰੂਰੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਆਪਣੇ ਬੱਚਿਆਂ ਦੀਆਂ ਅੱਖਾਂ ਨੂੰ ਤੀਰ ਕਮਾਨ, ਰੋਸ਼ਨੀ ਅਤੇ ਆਤਿਸ਼ਬਾਜ਼ੀ ਤੋਂ ਬਚਾ ਕੇ ਰੱਖਿਆ ਜਾਵੇ। ਅੱਖਾਂ ਨੂੰ ਧੂੰਏਂ ਅਤੇ ਮਿੱਟੀ ਘੱਟੇ ਤੋਂ ਬਚਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ ਅਤੇ ਅੱਖਾਂ 'ਚ ਕੋਈ ਪਰੇਸ਼ਾਨੀ ਜਾਂ ਦਿੱਕਤ ਆਉਣ ਤੇ ਤੁਰੰਤ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲੋਂ ਸਮੇਂ ਸਿਰ ਪਹੁੰਚ ਕੇ ਚੈਕਅੱਪ ਕਰਵਾਇਆ ਜਾਣਾ ਚਾਹੀਦਾ ਹੈ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਆਮ ਲੋਕਾਂ ਨੂੰ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅੱਖਾਂ ਦੀਆਂ ਪੁਤਲੀਆਂ ਖਰਾਬ ਹੋਣ ਕਾਰਨ ਦੇਖਣ ਤੋਂ ਲਾਚਾਰ ਹੋਏ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਵਿੱਚ ਚਾਨਣ ਲਿਆਂਦਾ ਜਾ ਸਕੇ। ਜਦਕਿ ਅੱਖਾਂ ਦੇ ਮਾਹਿਰ ਡਾ. ਚਮਨ ਲਾਲ ਨੇ ਵੀ ਅੱਖਾਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਐਸਐਮਓ ਡਾ. ਤਰਸੇਮ ਖੁਰਾਣਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਫਾਰਮਾਸਿਸਟ ਸੰਦੀਪ ਸਿੰਘ ਅਤੇ ਅਮਨਦੀਪ ਸਿੰਘ, ਨਰਸਿੰਗ ਸਿਸਟਰ ਹਰਮੀਤ ਕੌਰ ਆਦਿ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਮੁਲਾਜ਼ਮ ਵੀ ਮੌਜੂਦ ਸਨ।