ਪਰਾਲੀ ਨੂੰ ਅੱਗ ਲਗਾਉਣ ਕਾਰਨ ਖੇਤਾਂ ਦੀ ਸਿਹਤ ਵਿੱਚ ਆਉਂਦਾ ਹੈ ਵਿਗਾੜ- ਖੇਤੀਬਾੜੀ ਅਫ਼ਸਰ ਬਟਾਲਾ

Last Updated: Oct 11 2018 18:10

ਖੇਤੀਬਾੜੀ ਵਿਕਾਸ ਅਫ਼ਸਰ ਬਟਾਲਾ ਜਤਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਇੱਕ ਏਕੜ ਵਿੱਚ ਪਰਾਲੀ ਸਾੜਨ ਨਾਲ 11 ਕਿੱਲੋ ਨਾਈਟਰੋਜਨ, 2.4 ਕਿੱਲੋ ਸਲਫ਼ਰ, 4.6 ਕਿੱਲੋ ਪੋਟਾਸ਼ ਅਤੇ 800 ਕਿੱਲੋ ਜੈਵਿਕ ਕਾਰਬਨ ਸੜ ਜਾਂਦਾ ਹੈ, ਜਦਕਿ ਇਸ ਤੋਂ ਹੋਈਆਂ ਹਾਨੀਕਾਰਕ ਗੈਸਾਂ ਮਨੁੱਖੀ ਸਿਹਤ ਲਈ ਵੱਡੇ ਨੁਕਸਾਨ ਦਾ ਕਾਰਨ ਬਣਦੀਆਂ ਹਨ। ਉੁਨਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਐੱਸ.ਐੱਮ.ਐੱਸ ਲੱਗੀਆਂ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ ਉੱਥੇ ਬਿਨਾਂ ਵਾਹੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਪਰਾਲੀ ਸਾੜਨ ਦੀ ਬੁਰਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਤਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਦਾ ਇੱਕ ਵੀ ਲਾਭ ਨਹੀਂ ਹੈ ਜਦਕਿ ਇਸਦੇ ਅਨੇਕਾਂ ਨੁਕਸਾਨ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਵਾਹੁਣ ਤਾਂ ਜੋ ਵਾਤਾਵਰਨ ਨੂੰ ਹੁੰਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਲਈ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।