ਸਿੱਖਿਆ ਮੰਤਰੀ ਦੇ ਅੜੀਅਲ ਵਤੀਰੇ ਤੋਂ ਦੁਖੀ ਅਧਿਆਪਕ ਨੇ ਮੋੜਿਆ ਆਪਣਾ ਸਟੇਟ ਐਵਾਰਡ!

Last Updated: Oct 11 2018 16:12
Reading time: 1 min, 17 secs

ਸਿੱਖਿਆ ਮੰਤਰੀ ਦੇ ਅੜੀਅਲ ਵਤੀਰੇ ਨੇ ਪੰਜਾਬ ਦੇ ਸਮੂਹ ਅਧਿਆਪਕਾਂ ਦੇ ਨੱਕ ਵਿੱਚ ਦਮ ਲਿਆਣ ਦਿੱਤਾ ਹੈ, ਸ਼ਾਇਦ ਇਹੀ ਇੱਕ ਵੱਡਾ ਕਾਰਨ ਹੈ, ਅੱਜ ਪਟਿਆਲਾ ਵਿੱਚ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਪਹਿਲਾਂ ਭੁੱਖ ਹੜਤਾਲ ਅਤੇ ਲੰਘੀ ਦੇਰ ਸ਼ਾਮ ਤੋਂ ਭੁੱਖ ਹੜਤਾਲ ਸ਼ੁਰੂ ਹੋ ਚੁੱਕੀ ਹੈ। 

ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਸਤਾਏ ਅਧਿਆਪਕ ਭੁੱਖੇ ਢਿੱਡ ਵੀ ਜਿੰਦਾਬਾਦ ਮੁਰਦਾਬਾਦ ਕਰ ਰਹੇ ਹਨ, ਲੇਕਿਨ ਬਾਵਜੂਦ ਇਸਦੇ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਸਿੱਖਿਆ ਮੰਤਰੀ ਦੇ ਇਸੇ ਅੜੀਅਲ ਵਤੀਰੇ ਤੋਂ ਤੰਗ ਆ ਕੇ ਬਠਿੰਡਾ ਦੇ ਸਟੇਟ ਐਵਾਰਡੀ ਅਧਿਆਪਕ ਪਰਮਜੀਤ ਸਿੰਘ ਨੇ ਆਪਣਾ ਐਵਾਰਡ ਵਾਪਸ ਕਰ ਦਿੱਤਾ ਹੈ। ਪਰਮਜੀਤ ਸਿੰਘ ਨੇ ਇਹ ਐਵਾਰਡ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਹਮਾਇਤ ਵਿੱਚ ਮੋੜਿਆ ਹੈ।

ਪਰਮਜੀਤ ਸਿੰਘ ਦਾ ਕਹਿਣਾ ਹੈ ਕਿ, ਪੰਜਾਬ ਸਰਕਾਰ ਨੇ ਇੱਕ ਤੁਗਲਕੀ ਫ਼ਰਮਾਨ ਜਾਰੀ ਕਰਕੇ ਰਮਸਾ ਤੇ ਐਸ.ਐਸ.ਏ ਅਧਿਆਪਕਾਂ ਦੀ ਤਨਖ਼ਾਹ 42 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਕਰ ਦਿੱਤੀ ਹੈ, ਜਿਹੜੀ ਕਿ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਜਿਸ ਦਿਨ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਇਹ ਮਾਣ ਬਖ਼ਸ਼ਿਆ ਸੀ ਉਸ ਦਿਨ ਉਹ ਬੜੇ ਖ਼ੁਸ਼ ਸਨ, ਇਹ ਸੋਚ ਕੇ ਉਹ ਇੱਕ ਅਧਿਆਪਕ ਹਨ ਤੇ ਸਾਡੀ ਸਰਕਾਰ ਅਧਿਆਪਕਾਂ ਦੀ ਕਦਰਦਾਨ ਹੈ। 

ਪਰ ਪੰਜਾਬ ਸਰਕਾਰ ਨੇ ਅਧਿਆਪਕਾਂ ਨਾਲ ਜਿਹੜਾ ਵਤੀਰਾ ਸ਼ੁਰੂ ਕਰ ਦਿੱਤਾ ਹੈ, ਉਸ ਨਾਲ ਉਹ ਮਾਨਸਿਕ ਤੌਰ ਤੇ ਬਹੁਤ ਦੁਖੀ ਹੀ ਨਹੀਂ ਹੋਏ ਬਲਕਿ ਟੁੱਟ ਚੁੱਕੇ ਹਨ। ਪਰਮਜੀਤ ਦਾ ਕਹਿਣਾ ਹੈ ਕਿ, ਕੀ ਕਰਨਾ ਇਹੋ ਜਿਹਾ ਐਵਾਰਡ, ਉਨ੍ਹਾਂ ਦੇ ਸਾਥੀ ਤਾਂ ਅੱਜ ਸੜਕਾਂ ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਕਾਗ਼ਜ਼ ਦੇ ਟੁਕੜੇ ਦੇ ਮੌਥਾਜ ਨਹੀਂ ਹਨ, ਉਨ੍ਹਾਂ ਲਈ ਤਾਂ ਇਹੀ ਸਭ ਤੋਂ ਵੱਡਾ ਐਵਾਰਡ ਹੋਵੇਗਾ ਅਗਰ ਉਨ੍ਹਾਂ ਦੇ ਸਾਥੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਜਾਵੇ ਤਾਂ।