ਕਾਰੋਬਾਰ 'ਦੜੇ ਸੱਟੇ' ਦਾ, ਚੱਲਦੈ ਸਿਆਸੀ ਲੀਡਰਾਂ ਦੇ ਸਿਰ 'ਤੇ..!! (ਨਿਊਜ਼ਨੰਬਰ ਖਾਸ ਖਬਰ)

Last Updated: Oct 11 2018 13:37
Reading time: 3 mins, 18 secs

ਅੱਜ ਕੱਲ੍ਹ ਜਿਹੜਾ ਵੀ ਬੰਦਾ ਨਜਾਇਜ਼ ਜਾਂ ਫਿਰ ਜਾਇਜ਼ ਕਾਰੋਬਾਰ ਸ਼ੁਰੂ ਕਰਦਾ ਹੈ ਤਾਂ ਉਸ ਦੇ ਪਿੱਛੇ ਕਿਸੇ ਨਾ ਕਿਸੇ ਸਿਆਸੀ ਲੀਡਰ ਦਾ ਹੱਥ ਜ਼ਰੂਰ ਹੁੰਦਾ ਹੈ। ਭਾਵੇਂ ਕਿ ਨਜਾਇਜ਼ ਸ਼ਰਾਬ ਦਾ ਕਾਰੋਬਾਰ ਹੋਵੇ ਜਾਂ ਫਿਰ ਡਰੱਗ ਦਾ ਕਾਰੋਬਾਰ, ਇਨ੍ਹਾਂ ਦੇ ਪਿੱਛੇ ਕੋਈ ਨਾ ਕੋਈ ਸਿਆਸਤਦਾਨ ਮਿਹਰਬਾਨ ਜ਼ਰੂਰ ਹੁੰਦਾ ਹੈ। ਸਿਆਸਤਦਾਨਾਂ ਦੇ ਸਿਰ 'ਤੇ ਕਈ ਬੰਦੇ ਕਾਰੋਬਾਰ ਤਾਂ ਸ਼ੁਰੂ ਕਰ ਲੈਂਦੇ ਹਨ, ਪਰ ਜਦੋਂ ਸੱਤਾਧਾਰੀ ਬਦਲ ਜਾਂਦੇ ਹਨ ਤਾਂ ਨਜਾਇਜ਼ ਜਾਂ ਫਿਰ ਜਾਇਜ਼ ਕੰਮ ਕੀਤਾ ਕਰਾਇਆ ਸਭ ਕੁਝ ਮਿੱਟੀ ਹੋ ਜਾਂਦਾ ਹੈ।

ਕਿਉਂਕਿ ਜਿੰਨਾ ਸਮਾਂ ਤਾਂ ਨਜਾਇਜ਼ ਕੰਮ ਦਾ ਹਿੱਸਾ ਸਿਆਸਤਦਾਨਾਂ ਅਤੇ ਕੁਝ ਸਬੰਧਤ ਅਧਿਕਾਰੀਆਂ ਨੂੰ ਮਿਲਦਾ ਰਹਿੰਦਾ ਹੈ, ਉਦੋਂ ਤੱਕ ਤਾਂ ਮਾਮਲਾ ਠੱਪ ਰਹਿੰਦਾ ਹੈ, ਪਰ ਜਦੋਂ ਹਿੱਸਾ ਮਿਲਣਾ ਬੰਦ ਹੋ ਜਾਂਦਾ ਹੈ ਤਾਂ ਰੌਲਾ ਰੱਪਾ ਪੈ ਕੇ ਪਰਚਿਆਂ ਤੱਕ ਗੱਲ ਪਹੁੰਚ ਜਾਂਦੀ ਹੈ। ਦਰਅਸਲ, ਇਹ ਨਜਾਇਜ਼ ਚੱਲਦੇ ਕਾਰੋਬਾਰ ਪਿੱਛੇ ਜਿੱਥੇ ਸਿਆਸੀ ਲੀਡਰ ਸ਼ਾਮਲ ਹੁੰਦੇ ਹਨ, ਉੱਥੇ ਹੀ ਅਧਿਕਾਰੀ ਵੀ ਸ਼ਾਮਲ ਹੋ ਕੇ ਆਪਣਾ ਬਣਦਾ ਹਿੱਸਾ ਲੈਣ ਤੋਂ ਪਿੱਛੇ ਨਹੀਂ ਹੱਟਦੇ। ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੁੰਦਾ ਹੈ ਕਿ ਜਿਹੜੇ ਅਧਿਕਾਰੀ ਨੇ ਆਪਣੀ ਤਨਖਾਹ ਦਾ ਪੈਸਾ ਮਹੀਨਾ ਨੌਕਰੀ ਕਰਕੇ ਕਮਾਉਣਾ ਹੁੰਦਾ ਹੈ, ਓਨਾ ਪੈਸਾ ਉਸ ਨੂੰ ਨਜਾਇਜ਼ ਕਾਰੋਬਾਰ ਵਿੱਚ ਇੱਕ ਰੇਡ ਕਰਦਿਆਂ ਹੀ ਮਿਲ ਜਾਂਦਾ ਹੈ।

ਜੀ ਹਾਂ, ਦੋਸਤੋਂ, ਕਈ ਅਧਿਕਾਰੀ ਅਤੇ ਸਿਆਸਤਦਾਨ ਨਜਾਇਜ਼ ਚੱਲਦੇ ਕਾਰੋਬਾਰ ਦੇ ਸ਼ਾਮਲ ਹੋਣ ਦੇ ਕਾਰਨ ਹੁਣ ਤੱਕ ਸਲਾਖਾਂ ਪਿੱਛੇ ਵੀ ਪਹੁੰਚ ਚੁੱਕੇ ਹਨ ਅਤੇ ਕਈਆਂ ਦੀਆਂ ਵਾਰੀਆਂ ਆਉਣ ਦੀ ਸੰਭਾਵਨਾ ਬਣੀ ਪਈ ਹੈ। ਦੋਸਤੋਂ, ਦੱਸ ਦਈਏ ਕਿ ਭਾਵੇਂ ਹੀ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਇਹ ਵਾਅਦਾ ਕੀਤਾ ਸੀ ਕਿ ਮਾਫੀਆ ਰਾਜ ਖਤਮ ਕਰਕੇ ਇੱਕ ਸੋਹਣਾ ਸਮਾਜ ਸਿਰਜਿਆ ਜਾਵੇਗਾ, ਪਰ ਲੱਗਦਾ ਕੈਪਟਨ ਸਾਹਿਬ ਦਾ ਇਹ ਸੁਪਨਾ ਕੁਝ ਕਾਂਗਰਸੀ ਪੂਰਾ ਨਹੀਂ ਹੋਣ ਦੇਣਗੇ। ਕਿਉਂਕਿ ਜਿਸ ਤਰੀਕੇ ਨਾਲ ਰੇਤ, ਬੱਜਰੀ ਤੋਂ ਇਲਾਵਾ ਨਸ਼ੇ ਦੇ ਕਾਰੋਬਾਰ ਵਿੱਚ ਕੁਝ ਸਿਆਸੀ ਲੀਡਰ ਹਿੱਸੇਦਾਰ ਬਣੇ ਹੋਏ ਹਨ, ਬਿਲਕੁਲ ਉਸੇ ਤਰ੍ਹਾਂ ਹੀ ਦੜੇ ਸੱਟੇ ਦੇ ਕਾਰੋਬਾਰ ਵਿੱਚ ਵੀ ਸਿਆਸੀ ਲੀਡਰ ਕਿਸੇ ਤੋਂ ਘੱਟ ਨਹੀਂ ਹਨ।

ਜਿਸਦੀ ਤਾਜ਼ਾ ਮਿਸਾਲ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਮਿਲਦੀ ਹੈ। ਜਿੱਥੋਂ ਦੇ ਦੋ ਕਾਂਗਰਸੀ ਲੀਡਰਾਂ 'ਤੇ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਤੋਂ ਮਹੀਨਾ ਵਸੂਲਣ ਦੇ ਦੋਸ਼ ਲੱਗੇ ਹਨ ਅਤੇ ਇਸ ਸਬੰਧ ਵਿੱਚ ਫੋਨ ਕਾਲ ਦੀ ਆਡੀਓ ਵੀ ਜਨਤਕ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਕਾਂਗਰਸੀ ਸ਼ਰੇਆਮ ਇੱਕ ਦੜੇ ਸੱਟੇ ਦਾ ਕਾਰੋਬਾਨ ਕਰਨ ਵਾਲੇ ਵਿਅਕਤੀ ਨੂੰ ਧਮਕੀਆਂ ਦਿੰਦੇ ਨਜ਼ਰੀ ਆ ਰਹੇ ਹਨ। ਇਸ ਸਬੰਧ ਵਿੱਚ ਤਲਵੰਡੀ ਭਾਈ ਪੁਲਿਸ ਵੱਲੋਂ ਉਕਤ ਦੋਵੇਂ ਕਾਂਗਰਸੀ ਆਗੂਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ।

ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੁਲਵੰਤ ਰਾਏ ਪੁੱਤਰ ਬਲਵੰਤ ਰਾਏ ਵਾਸੀ ਵਾਰਡ ਨੰਬਰ 9 ਤਲਵੰਡੀ ਭਾਈ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਹ ਦੜੇ ਸੱਟੇ ਦਾ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਸਖਤੀ ਹੋਣ ਕਾਰਨ ਕੰਮ ਬੰਦ ਕਰ ਦਿੱਤਾ। ਕੁਲਵੰਤ ਰਾਏ ਨੇ ਦੋਸ਼ ਲਗਾਇਆ ਕਿ ਤਲਵੰਡੀ ਭਾਈ ਦੇ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਅਤੇ ਬਲਜੀਤ ਸਿੰਘ (ਪਿਓ-ਪੁੱਤ) ਦੇ ਕਹਿਣ 'ਤੇ ਫਿਰ ਚੋਰੀ ਛਿਪੇ ਦੜੇ ਸੱਟੇ ਦਾ ਕੰਮ ਕਰਨ ਲੱਗ ਪਿਆ।

ਕੁਲਵੰਤ ਰਾਏ ਨੇ ਦੋਸ਼ ਲਗਾਇਆ ਕਿ ਗੁਰਜੰਟ ਸਿੰਘ ਅਤੇ ਬਲਜੀਤ ਸਿੰਘ ਉਸ ਕੋਲੋਂ 3500 ਰੁਪਏ ਪ੍ਰਤੀ ਮਹੀਨਾ ਲੈਣ ਲੱਗ ਪਏ। ਕੁਲਵੰਤ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਦੋਵੇਂ ਕਾਂਗਰਸੀ ਆਗੂ ਹੁਣ ਉਸ ਕੋਲੋਂ 15000 ਰੁਪਏ ਪ੍ਰਤੀ ਮਹੀਨੇ ਦੀ ਮੰਗ ਕਰਦੇ ਹਨ ਤੇ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਉਨ੍ਹਾਂ ਕੋਲ ਗੁਰਜੰਟ ਸਿੰਘ ਅਤੇ ਬਲਜੀਤ ਸਿੰਘ ਨਾਲ ਫੋਨ 'ਤੇ ਕੀਤੀ ਗੱਲਬਾਤ ਅਤੇ ਧਮਕੀਆਂ ਦੇਣ ਆਦਿ ਦੀ ਆਡੀਓ ਵੀ ਹੈ, ਜੋ ਉਨ੍ਹਾਂ ਵੱਲੋਂ ਸਬੰਧ ਥਾਣੇ ਦੀ ਪੁਲਿਸ ਨੂੰ ਦੇਣ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਤਲਵੰਡੀ ਭਾਈ ਸਹਾਇਕ ਸਬ ਇੰਸਪੈਕਟਰ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਵੰਤ ਰਾਏ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਕਾਂਗਰਸੀ ਆਗੂ ਗੁਰਜੰਟ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਸੁਰੈਣ ਸਿੰਘ (ਪਿਓ ਪੁੱਤ) ਵਾਸੀਅਨ ਤਲਵੰਡੀ ਭਾਈ ਦੇ ਖ਼ਿਲਾਫ਼ 384, 120, 506 ਆਈਪੀਸੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਸੋ ਦੋਸਤੋਂ, ਪੁਲਿਸ ਵੱਲੋਂ ਉਕਤ ਦੋਵੇਂ ਕਾਂਗਰਸੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਉਨ੍ਹਾਂ 'ਤੇ ਹੋਰ ਕੀ ਕਾਰਵਾਈ ਕਰਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।