ਗਰੀਬੀ, ਭੁੱਖਮਰੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਕਾਰਣ ਹਨ ਬਾਲ ਮਜ਼ਦੂਰੀ ਵਧਣ ਦੇ !

Last Updated: Oct 11 2018 13:28
Reading time: 2 mins, 5 secs

ਦੇਸ਼ ਭਰ ਵਿੱਚ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਬਾਲ ਮਜ਼ਦੂਰੀ ਰੋਕਣ ਲਈ ਕਈ ਪ੍ਰੋਗਰਾਮ ਤੇ ਯੋਜਨਾਵਾਂ ਵੀ ਉਲੀਕੀਆਂ ਜਾਂਦੀਆਂ ਹਨ ਤੇ ਸਥਾਨਕ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਵੱਲੋਂ ਵੀ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਆਪਣੇ-ਆਪਣੇ ਅਧਿਕਾਰ ਖੇਤਰ ਵਾਲੇ ਇਲਾਕਿਆਂ ਵਿੱਚ ਕਈ ਵਾਰ ਛਾਪੇਮਾਰੀ ਕੀਤੀ ਜਾਂਦੀ ਹੈ ਪਰ ਇਹ ਕੰਮ ਕੁਝ ਦਿਨ ਚਲਦਾ ਹੈ ਫੇਰ ਠੰਡੇ ਬਸਤੇ ਵਿੱਚ ਪੈ ਜਾਂਦਾ ਹੈ ਜਿਸ ਕਰਕੇ ਕੋਈ ਠੋਸ ਹੱਲ ਨਹੀਂ ਨਿਕਲ ਪਾਉਂਦਾ ਤੇ ਅਜਿਹਾ ਕਿਉਂ ਹੁੰਦਾ ਇਸ ਸਵਾਲ ਦਾ ਜਵਾਬ ਵੀ ਅੱਜ ਤੱਕ ਨਹੀਂ ਮਿਲ ਸਕਿਆ। ਦੇਖਣ ਵਿੱਚ ਆਉਂਦਾ ਹੈ ਕਿ ਹਰ ਸ਼ਹਿਰ, ਕਸਬੇ, ਪਿੰਡ ਅਤੇ ਨਗਰ ਵਿੱਚ ਬਾਲ ਮਜ਼ਦੂਰੀ ਕਰਦੇ ਛੋਟੇ-ਛੋਟੇ ਬਾਲ ਆਮ ਹੀ ਵੇਖੇ ਜਾਂਦੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਦੇਸ ਦੇ ਕਈ ਇਲਾਕੇ ਤਾਂ ਅਜਿਹੇ ਹਨ ਜਿੱਥੇ ਬਾਲ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾਂਦਾ ਹੈ ਤੇ ਅਜਿਹਾ ਦੇਸ਼ ਆਜ਼ਾਦੀ ਦੇ 70 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਹੋ ਰਿਹਾ ਹੈ ਜਿਸ ਤੋਂ ਕਈ ਵਾਰ ਤਾਂ ਇਹ ਲੱਗਦਾ ਹੈ ਕਿ ਕੀ ਅਸੀਂ ਵਾਕਿਆ ਹੀ ਆਜ਼ਾਦ ਦੇਸ਼ ਦੇ ਵਾਸੀ ਹੋ ਗਏ ਹਾਂ।

ਬਾਲ ਮਜ਼ਦੂਰੀ ਨੂੰ ਰੋਕਣ ਲਈ ਹਰ ਸਾਲ ਹੀ ਸਰਕਾਰ ਵੱਲੋਂ ਬਾਲ ਮਜ਼ਦੂਰੀ ਮੁਕਤ ਦਿਵਸ ਮਨਾਇਆ ਜਾਂਦਾ ਹੈ ਪਰ ਫੇਰ ਵੀ ਇਹ ਕੰਮ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪ੍ਰਸ਼ਾਸਨ ਕਦੀ ਕਦਾਈਂ ਆਪਣੀ ਗੂੜ੍ਹੀ ਨੀਂਦ ਤੋਂ ਜਦੋਂ ਜਾਗਦਾ ਹੈ ਤਾਂ ਦੋ ਚਾਰ ਜਣਿਆਂ ਦੇ ਚਲਾਨ ਕੱਟ ਕੇ ਹੀ ਬੁੱਤਾ ਸਾਰ ਲੈਂਦਾ ਹੈ ਤੇ ਮਹਿਸੂਸ ਕਰਦਾ ਹੈ ਕਿ ਉਸ ਦੀ ਜ਼ਿੰਮੇਵਾਰੀ ਖ਼ਤਮ ਹੋ ਗਈ ਹੈ। ਜੇਕਰ ਵੇਖਿਆ ਜਾਵੇ ਤਾਂ ਗਰੀਬੀ, ਭੁੱਖਮਰੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਆਦਿ ਕਾਰਣ ਹੀ ਹਨ ਜਿਨ੍ਹਾਂ ਕਰਕੇ ਬਾਲ ਮਜ਼ਦੂਰੀ ਦੇਸ਼ ਵਿੱਚ ਵਧ ਰਹੀ ਹੈ ਜਿਸ ਲਈ ਸਰਕਾਰਾਂ ਦੇ ਨਾਲ-ਨਾਲ ਸਮਾਜ ਭਲਾਈ ਸੰਸਥਾਵਾਂ ਨੂੰ ਵੀ ਯੋਗਦਾਨ ਪਾਉਣਾ ਪਵੇਗਾ। ਜਦੋਂ ਕੁਝ ਬੁੱਧੀਜੀਵੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਾਲ ਮਜ਼ਦੂਰੀ ਜਾਗਰੂਕਤਾ ਦੀ ਕਮੀ ਨਾਲ ਵੀ ਵਧ ਰਹੀ ਹੈ, ਦੂਸਰਾ ਕਾਰਣ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਵੱਲੋਂ ਜਨਸੰਖਿਆ ਵਿੱਚ ਕੀਤਾ ਜਾਂਦਾ ਵਾਧਾ ਵੀ ਇਸ ਦਾ ਮੁੱਖ ਕਾਰਣ ਹੈ ਕਿਉਂਕਿ ਅਜਿਹੇ ਪਰਿਵਾਰਾਂ ਦੇ ਜਦੋਂ 4-5 ਬੱਚੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੋਟੀ ਖਵਾਉਣਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਰਕੇ ਉਹ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਕਰਨ ਲਈ ਮਜਬੂਰ ਕਰ ਦਿੰਦੇ ਹਨ। ਜਿਸ ਕਰਕੇ ਆਮ ਹੀ ਵੇਖਿਆ ਜਾਂਦਾ ਹੈ ਕਿ ਸੜਕਾਂ, ਢਾਬਿਆਂ, ਛੋਟੇ ਮੋਟੇ ਹੋਟਲਾਂ, ਗੈਸਟ ਹਾਊਸਾਂ, ਚਾਹ ਦੀਆਂ ਦੁਕਾਨਾਂ, ਖੇਤਾਂ, ਭੱਠਿਆਂ ਆਦਿ ਵਿੱਚ ਬਾਲ ਮਜ਼ਦੂਰ ਤੁਹਾਨੂੰ ਦਿਖਾਈ ਦੇਣਗੇ। ਇਸ ਲਈ ਦੇਸ਼ ਵਿੱਚੋਂ ਬਾਲ ਮਜ਼ਦੂਰੀ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ ਤੇ ਸਰਕਾਰਾਂ ਦਾ ਸਾਥ ਦੇਣ ਦੇ ਨਾਲ-ਨਾਲ ਆਪਣੀ ਬਣਦੀ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।