ਪੰਜ ਸੂਬਿਆਂ ਦੀਆਂ ਚੋਣਾਂ ਨਾਲ ਗਰਮੀ ਫੜੂ 2019 ਦਾ ਮਾਹੌਲ ! (ਨਿਊਜਨੰਬਰ ਖਾਸ ਖ਼ਬਰ)

Last Updated: Oct 11 2018 11:44

ਲੋਕ ਸਭਾ ਚੋਣਾਂ 2019 ਦੇ ਵਿੱਚ ਹੁਣ ਮਹਿਜ 6 ਕੁ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਅਜਿਹੇ ਵਿੱਚ ਅਗਲੇ ਮਹੀਨੇ 5 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਮਾਹੌਲ ਦੀ ਗਰਮੀ ਟਿਕੀ ਹੋਈ ਹੈ l ਇਹਨਾਂ ਚੋਣਾਂ ਦੇ ਵਿੱਚ ਤਿੰਨ ਅਜਿਹੇ ਸੂਬੇ ਵੀ ਸ਼ਾਮਿਲ ਹਨ ਜਿੱਥੇ ਕੇ ਇਸ ਸਮੇ ਭਾਜਪਾ ਸੱਤਾ ਵਿੱਚ ਹੈ l ਇਹਨਾ ਪੰਜ ਸੂਬਿਆਂ ਦੇ ਵਿੱਚ ਮਿਜ਼ੋਰਮ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਮੌਜੂਦਾ ਸਮੇ ਕਾਂਗਰਸ ਦੀ ਸਰਕਾਰ ਹੈ l ਅਸਲ ਵਿੱਚ ਇਹ ਚੋਣਾਂ ਇਹਨਾਂ ਚਾਰ ਸੂਬਿਆਂ ਵਿੱਚ ਹੀ ਹੋਣੀਆਂ ਸਨ ਪਰ ਬੀਤੇ ਮਹੀਨੇ ਤੇਲੰਗਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੇ ਸਮੇ ਤੋਂ ਪਹਿਲਾ ਸਰਕਾਰ ਭੰਗ ਕਰਕੇ ਇਹਨਾਂ ਸੂਬਿਆਂ ਨਾਲ ਹੀ ਚੋਣਾਂ ਦੀ ਮੰਗ ਕੀਤੀ ਸੀ l ਕਿਉਂਕਿ, ਚੰਗਰਸ਼ੇਖਰ ਰਾਓ ਦੀ ਪਾਰਟੀ ਤੇਲੰਗਨਾ ਰਾਸ਼ਟਰ ਸਮਿਤੀ ਦੇ ਅਨੁਸਾਰ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਹੋਣ ਨਾਲ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ ਇਸ ਲਈ ਉਨ੍ਹਾਂ ਨੇ ਸਮੇ ਤੋਂ ਪਹਿਲਾ ਹੀ ਸਰਕਾਰ ਭੰਗ ਕਰ ਦਿੱਤੀ l ਫਿਲਹਾਲ ਦੇਖਿਆ ਜਾਵੇ ਤਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੋ ਅਜਿਹੇ ਵੱਡੇ ਸੂਬੇ ਨੇ ਜਿੰਨਾ ਦੇ ਕੇ ਨਤੀਜੇ ਲੋਕ ਸਭਾ ਦੇ ਨਤੀਜਿਆਂ ਨੂੰ ਵੀ ਬਦਲਣ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹਨ l

ਮੌਜੂਦਾ ਸਮੇਂ ਤੇ ਰਾਜਸਥਾਨ ਦੇ ਵਿੱਚ ਪਿਛਲੇ ਪੰਜ ਸਾਲ ਤੋਂ ਭਾਜਪਾ ਅਤੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ  ਪਿਛਲੇ 15 ਸਾਲਾਂ ਤੋਂ ਭਾਜਪਾ ਦਾ ਰਾਜ ਹੈ l ਇਹਨਾਂ ਸੂਬਿਆਂ ਦੇ ਵਿੱਚ ਚੋਣਾਂ ਦੇ ਐਲਾਨ ਦੇ ਬਾਅਦ ਆਏ ਚੋਣ ਸਰਵੇਖਣਾਂ ਦੇ ਵਿੱਚ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ਹੁੰਦੀ ਦੱਸੀ ਜਾ ਰਹੀ ਹੈ ਅਤੇ ਜੇਕਰ ਇਹ ਸਰਵੇਖਣਾਂ ਦੇ ਨਤੀਜੇ ਅਸਲੀਅਤ ਵਿੱਚ ਵੀ ਇਸੇ ਪ੍ਰਕਾਰ ਆਉਂਦੇ ਹਨ ਤਾਂ 2019 ਦੇ ਵਿੱਚ ਮੋਦੀ ਅਤੇ ਭਾਜਪਾ ਦੇ ਲਈ ਇਹ ਖਤਰੇ ਦੀ ਘੰਟੀ ਹੈ l ਇਹਨਾਂ ਸਰਵੇਖਣਾਂ ਨੇ ਇੱਕ ਵਾਰ ਤਾਂ ਕਾਂਗਰਸ ਦੇ ਮੁਰਦਿਆਂ ਵਿੱਚ ਵੀ ਜਾਨ ਪਾ ਦਿੱਤੀ ਹੈ ਕਿਉਂਕਿ ਕਾਂਗਰਸ ਪਿਛਲੇ ਚਾਰ ਸਾਲ ਵਿੱਚ ਕਮਜ਼ੋਰ ਹੀ ਦਿਖੀ ਹੈ l 

ਜੇਕਰ ਸਰਵੇਖਣਾਂ ਨੂੰ ਦੇਖਿਆ ਜਾਵੇ ਤਾਂ ਕਾਂਗਰਸ ਇਹਨਾਂ ਪੰਜ ਵਿੱਚੋ ਚਾਰ ਰਾਜਾਂ ਦੇ ਵਿੱਚ ਸਰਕਾਰ ਬਣਾਉਂਦੀ ਦਿੱਖ ਰਹੀ ਹੈ ਅਤੇ ਅਜਿਹਾ ਹੋ ਜਾਂਦਾ ਹੈ ਤੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾ ਕਾਂਗਰਸ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹੈ ਅਤੇ ਭਾਜਪਾ ਦੇ ਲਈ ਇੱਕ ਤਕੜੇ ਮੁਕਾਬਲੇ ਦੀ ਤਿਆਰੀ ਕਰ ਸਕਦੀ ਹੈ l ਦੂਜੇ ਪਾਸੇ ਭਾਜਪਾ ਦੇ ਵੱਲੋ ਆਪਣੇ ਸਟਾਰ ਪ੍ਰਚਾਰਕ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਰਾਜਨੀਤਿਕ ਚਾਣਕਿਆ ਕਹੇ ਜਾਂਦੇ ਅਮਿਤ ਸ਼ਾਹ ਦੇ ਉੱਤੇ ਉਮੀਦਾਂ ਲਗਾ ਕੇ ਇਹਨਾਂ ਸਰਵੇਖਣਾਂ ਨੂੰ ਝੂਠੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੇਕਰ ਭਾਜਪਾ ਇਹਨਾਂ ਸਰਵੇਖਣਾਂ ਨੂੰ ਝੁਠਲਾ ਕੇ ਜਿੱਤ ਹਾਸਿਲ ਕਰਦੀ ਹੈ ਤਾਂ ਮੋਦੀ ਦੇ ਲਈ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਬੜਾ ਆਸਾਨ ਜਿਹਾ ਹੋ ਜਾਣਾ ਤਹਿ ਹੋ ਜਾਵੇਗਾ l 

ਇਹਨਾਂ ਚੋਣਾਂ ਦੇ ਨਾਲ ਲੋਕ ਸਭਾ ਚੋਣਾਂ ਦੀ ਗਰਮੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸਾਲ ਦੀ ਸਰਦੀ ਦੇ ਵਿੱਚ ਚੋਣਾਂ ਦੀ ਇਹ ਗਰਮੀ ਦੇ ਨਾਲ ਦੇਸ਼ ਦੇ ਰਾਜਨੀਤਿਕ ਪਾਰੇ ਗਰਮ ਹੋਣੇ ਯਕੀਨਨ ਹਨ l ਇਹਨਾਂ ਚੋਣਾਂ ਦੇ ਜਿੱਤ ਹਾਰ ਦੇ ਨਾਲ 2019 ਚੋਣਾਂ ਦੇ ਵਿੱਚ ਮੋਦੀ ਬਨਾਮ ਰਾਹੁਲ ਦੀ ਜੰਗ ਦਾ ਆਖਰੀ ਨਤੀਜਾ ਹੁਣ ਤੋਂ ਹੀ ਦਿਖਣਾ ਸ਼ੁਰੂ ਹੋ ਸਕਦਾ ਹੈ l ਇਹ ਪੰਜ ਸੂਬਿਆਂ ਦੇ ਵੋਟਰਾਂ ਵੱਲੋ ਤਹਿ ਕੀਤਾ ਭਵਿੱਖ ਹੀ ਹੁਣ ਬਹੁਤ ਹੱਦ ਤੱਕ ਇਹ ਵੀ ਤਹਿ ਕਰ ਜਾਵੇਗਾ ਕੇ ਇਸ ਵਾਰ ਰਾਹੁਲ ਗਾਂਧੀ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦਾ ਮਿਲਦਾ ਹੈ ਅਤੇ ਜਾਂ ਫਿਰ ਮੋਦੀ ਲਗਾਤਾਰ ਦੂਜੀ ਵਾਰ ਇਸ ਅਹੁਦੇ ਤੇ ਕਾਇਮ ਹੁੰਦੇ ਹਨ l 

ਆਉਣ ਵਾਲੀ 11 ਦਸੰਬਰ ਨੂੰ ਵੋਟਿੰਗ ਮਸ਼ੀਨਾਂ ਦੇ ਵਿੱਚੋਂ ਆਉਣ ਵਾਲੀਆਂ ਗਿਣਤੀਆਂ ਦੇ ਨਾਲ ਹੀ 2019 ਦੇ ਗਰਭ ਵਿੱਚ ਪਲ ਰਹੇ ਨਤੀਜਿਆਂ ਦੀ ਇੱਕ ਝਲਕ ਵੀ ਜਰੂਰ ਹਾਸਿਲ ਹੋ ਜਾਣ ਦੀ ਉਮੀਦ ਹੈ l ਬਾਕੀ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਰਾਜਨੀਤੀ ਦੀ ਹਵਾ ਕਦੋ ਬਦਲ ਜਾਵੇ ਇਸਦੇ ਬਾਰੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ l ਹਾਲ ਫਿਲਹਾਲ ਤਾਂ ਸਿਰਫ ਇਹੀ ਕਹਿ ਸਕਦੇ ਹਾਂ ਕੇ 2019 ਦੀ ਦਿੱਲੀ ਹਾਲੇ ਵੀ ਦੂਰ ਹੈ ਅਤੇ ਇਸ ਦੂਰੀ ਨੂੰ ਤਹਿ ਕਰ ਕੌਣ ਲੋਕ ਸਭਾ ਵਿੱਚ ਸਰਦਾਰੀ ਕਾਇਮ ਕਰੇਗਾ ਇਹ ਆਉਣ ਵਾਲਾ ਸਮਾਂ ਹੀ ਜਵਾਬ ਦੇਵੇਗਾ l

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।