ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਜ਼ਿਲ੍ਹੇ ਅੰਦਰ "ਸਵੱਛਤਾ ਹੀ ਸੇਵਾ" ਪੰਦਰਵਾੜੇ ਦੀ ਕੀਤੀ ਜਾਵੇਗੀ ਸ਼ੁਰੂਆਤ

Last Updated: Sep 14 2018 19:39

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਜ਼ਿਲ੍ਹੇ ਅੰਦਰ 15 ਸਤੰਬਰ 2018 ਨੂੰ "ਸਵੱਛਤਾ ਹੀ ਸੇਵਾ" ਪੰਦਰਵਾੜੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਪਹਿਲੇ ਦਿਨ ਸ਼ਰਮਦਾਨ ਕੀਤਾ ਜਾਵੇਗਾ ਉੱਥੇ ਹੀ ਸ਼ਹਿਰ ਅੰਦਰ ਸਿੱਖਿਆ ਸੰਸਥਾਵਾਂ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਜਾਵੇਗੀ। ਇਹ ਪ੍ਰਗਟਾਵਾ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਆਪਣੇ ਦਫ਼ਤਰ ਵਿੱਚ ਆਯੋਜਿਤ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ। 

ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਵਿੱਚ ਮਨਾਏ ਜਾ ਰਹੇ "ਸਵੱਛਤਾ ਹੀ ਸੇਵਾ" ਪੰਦਰਵਾੜੇ ਦੌਰਾਨ ਪਹਿਲੇ ਦਿਨ ਐਵਲੋਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਆਰੀਆ ਕੰਨਿਆ ਮਹਾਂਵਿਦਿਆਲਿਆ ਦੀਆਂ ਬੱਚੀਆਂ ਵੱਲੋਂ ਸ਼ਹਿਰ ਅੰਦਰ ਜਾਗਰੂਕਤਾ ਰੈਲੀ ਕੱਢੀ ਜਾਵੇਗੀ। ਇਹ ਰੈਲੀ ਮਿਸ਼ਨ ਚੌਂਕ ਪਠਾਨਕੋਟ ਤੋਂ 15 ਸਤੰਬਰ 11 ਵਜੇ ਝੰਡੀ ਦੇ ਕੇ ਰਵਾਨਾ ਕੀਤੀ ਜਾਵੇਗੀ। ਜਾਗਰੂਕਤਾ ਰੈਲੀ ਰਾਮਲੀਲਾ ਗਰਾਊਂਡ, ਡਲਹੌਜ਼ੀ ਰੋਡ, ਗਾਡੀ ਅਹਾਤਾ ਚੌਂਕ, ਲਾਈਟਾਂ ਵਾਲਾ ਚੌਂਕ, ਬਾਲਮੀਕੀ ਚੌਂਕ, ਗਾਂਧੀ ਚੌਂਕ, ਡਾਕਖਾਨਾ ਚੌਂਕ ਤੋਂ ਹੁੰਦੇ ਹੋਏ ਮਿਸ਼ਨ ਚੌਂਕ ਵਿੱਚ ਹੀ ਸਮਾਪਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੈਲੀ ਦੌਰਾਨ ਬੱਚੀਆਂ ਵੱਲੋਂ ਲੋਕਾਂ ਨੂੰ ਸਵੱਛਤਾ ਰੱਖਣ ਦੇ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਦਰਵਾੜੇ ਦੇ ਪਹਿਲੇ ਦਿਨ ਵਪਾਰ ਮੰਡਲ ਪਠਾਨਕੋਟ, ਮਾਰਕਿਟ ਐਸੋਸੀਏਸ਼ਨ, ਨਿਰੰਕਾਰੀ ਮਿਸ਼ਨ, ਵਪਾਰ ਮੰਡਲ ਮਜ਼ਮੂਨ, ਸਮਾਜਿਕ ਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਸ਼ਰਮਦਾਨ ਕੀਤਾ ਜਾਵੇਗਾ। ਜਿਸ ਅਧੀਨ ਸ਼ਹਿਰ ਅੰਦਰ ਸਫ਼ਾਈ ਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਸਥਿਤ ਹੋਟਲ, ਸ਼ਾਪਿੰਗ ਮਾਲ, ਸਕੂਲਾਂ ਅਤੇ ਕਾਲਜਾਂ ਅੰਦਰ ਵੀ ਸ਼ਰਮਦਾਨ ਕੀਤਾ ਜਾਵੇਗਾ ਅਤੇ ਸਫ਼ਾਈ ਅਭਿਆਨ ਚਲਾਇਆ ਜਾਵੇਗਾ। 

ਕੁਲਵੰਤ ਸਿੰਘ ਨੇ ਦੱਸਿਆ ਕਿ ਇਸੇ ਹੀ ਤਰ੍ਹਾਂ ਪੰਦਰਵਾੜੇ ਦੇ ਬਾਕੀ ਦਿਨਾਂ ਦੌਰਾਨ ਜ਼ਿਲ੍ਹੇ ਦੇ ਸਕੂਲਾਂ ਅੰਦਰ ਲੇਖ, ਪੇਂਟਿੰਗ, ਡਰਾਮਾ ਅਤੇ ਨੁੱਕੜ ਨਾਟਕ ਦੇ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਉਹ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਗਲੀ ਮੁਹੱਲੇ ਦੇ ਲੋਕਾਂ ਨੂੰ ਹੋਰ ਜਾਗਰੂਕ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਪੰਦਰਵਾੜੇ ਮਨਾਉਣ ਦਾ ਉਦੇਸ਼ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੀਏ ਅਤੇ ਆਪ ਵੀ ਇਸ ਮੁਹਿੰਮ ਦੇ ਹਿੱਸੇਦਾਰ ਬਣ ਕੇ ਦੇਸ ਨੂੰ ਤੰਦਰੁਸਤ ਬਣਾ ਸਕੀਏ। ਉਨ੍ਹਾਂ ਕਿਹਾ ਕਿ ਪਹਿਲਾਂ ਵੀ "ਮਿਸ਼ਨ ਤੰਦਰੁਸਤ ਪੰਜਾਬ" ਅਧੀਨ ਲੋਕਾਂ ਨੂੰ ਸਵੱਛਤਾ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਜ ਲਈ ਵੀ ਸਾਡੀ ਸਾਰਿਆਂ ਦੀ ਜਿਮੇਦਾਰੀ ਬਣਦੀ ਹੈ ਕਿ ਅਸੀਂ ਆਪਣਾ ਯੋਗਦਾਨ ਦੇ ਕੇ ਸਵੱਛਤਾ ਹੀ ਸੇਵਾ ਕਾਰਜ ਨੂੰ ਸਫਲ ਕਰੀਏ। ਉਨ੍ਹਾਂ ਕਿਹਾ ਕਿ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਵੀ ਇਸ ਪੰਦਰਵਾੜੇ ਵਿੱਚ ਹਿੱਸੇਦਾਰ ਬਣ ਕੇ ਅਪਣਾ ਸਹਿਯੋਗ ਦੇਣ ਅਤੇ ਲੋਕਾਂ ਨੂੰ ਸਾਫ਼ ਸਫ਼ਾਈ ਦੇ ਲਈ ਜਾਗਰੂਕ ਕਰਨ।