Loading the player...

ਪੰਜਾਬ ਪ੍ਰਧਾਨ ਕਾਂਗਰਸ ਨੇ ਸੁਖਬੀਰ ਸਿੰਘ ਬਾਦਲ ਨੂੰ ਸੁਣਾਈਆਂ ਖਰੀਆਂ-ਖਰੀਆਂ (ਨਿਊਜ਼ਨੰਬਰ ਖਾਸ ਖਬਰ)

Last Updated: Sep 14 2018 19:44

ਵਿਧਾਨਸਭਾ ਹਲਕਾ ਭੋਆ ਵਿਖੇ ਵਿਧਾਇਕ ਜੋਗਿੰਦਰ ਪਾਲ ਵੱਲੋਂ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਵਿਧਾਇਕ ਜੋਗਿੰਦਰ ਪਾਲ ਵਰਕਰਾਂ ਸਣੇ ਲਖਵਿੰਦਰ ਵਡਾਲੀ ਦੇ ਗੀਤਾਂ ਉੱਤੇ ਨੱਚਦੇ ਵਿਖਾਈ ਦਿੱਤੇ।

ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਲੋਕਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਾਲ ਜਦ ਪੰਜਾਬ ਦੇ ਭਖਦੇ ਮਸਲਿਆਂ ਤੇ ਨਿਊਜ਼ਨੰਬਰ ਦੀ ਟੀਮ ਨੇ ਗੱਲ ਕੀਤੀ ਤਾਂ ਉਨ੍ਹਾਂ ਸਾਬਕਾ ਉਪ-ਮੁੱਖਮੰਤਰੀ ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਈ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਧਰਮ ਰਾਖੇ ਚੁਣਿਆ ਗਿਆ ਸੀ ਲੋਕਾਂ ਨੇ ਜਿਨ੍ਹਾਂ ਦੇ ਹੱਥ ਪੰਜਾਬ ਦੀ ਡੋਰ ਦਿੱਤੀ ਸੀ ਉਨ੍ਹਾਂ ਮੁੰਬਈ ਜਾ ਕੇ ਸਿਰਸਾ ਡੇਰੇ ਦੇ ਮੁਖੀ ਨਾਲ ਸੌਦਾ ਕੀਤਾ। ਉਨ੍ਹਾਂ ਕਿਹਾ ਕਿ ਉਸ ਮੌਕੇ ਸਾਬਕਾ ਉਪ-ਮੁੱਖਮੰਤਰੀ ਵੱਲੋਂ ਆਪਣੇ ਆਪ ਨੂੰ ਹੀ ਨਹੀਂ ਵੇਚਿਆ ਬਲਕਿ ਪੰਥ ਦਾ ਵੀ ਸੌਦਾ ਕੀਤਾ ਗਿਆ, ਕਿਉਂਕਿ ਸਿਰਸਾ ਡੇਰਾ ਮੁਖੀ ਨੂੰ ਪੰਥ ਵਿੱਚੋਂ ਛੇਕਿਆ ਹੋਇਆ ਹੈ ਅਤੇ ਉਨ੍ਹਾਂ ਨਾਲ ਰੋਟੀ ਦੀ ਸਾਂਝ ਦਾ ਵੀ ਮਨਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਨਾਲ ਮਿਲ ਪੰਜਾਬ ਵਿੱਚ ਫਿਲਮ ਰਿਲੀਜ਼ ਕਰਵਾਉਣ ਦੇ ਮਸਲੇ ਤੇ 100 ਕਰੋੜ ਰੁਪਏ 'ਚ ਸੌਦਾ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਮੇਰਾ ਸੁਖਬੀਰ ਬਾਦਲ ਤੋਂ ਸਵਾਲ ਸੀ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਉਨ੍ਹਾਂ 100 ਕਰੋੜ ਰੁਪਏ ਲਏ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਕਸੂਰਵਾਰ ਇਸ ਲਈ ਵੀ ਮੰਨਦਾ ਹਾਂ ਕਿ ਬਹਿਬਲਕਲਾਂ ਅਤੇ ਕੋਟਕਪੂਰਾ ਵਿਖੇ ਸ਼ਾਂਤੀ ਨਾਲ ਧਰਨਾ ਦੇ ਰਹੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਸੈਂਕੜੇ ਲੋਕ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਲੋਕਾਂ ਦੀ ਕਚਹਿਰੀ 'ਚ ਖੜਾ ਕਰਨ ਲਈ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਅਕਾਲ ਤਖਤ ਸਾਹਿਬ ਵਿਖੇ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ।

ਅਕਾਲੀ ਦਲ ਦੀ ਸੁਰੱਖਿਆ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਅਕਾਲੀ ਆਗੂ ਜੀ.ਕੇ ਸਿੰਘ ਨਾਲ ਵਾਪਰੇ ਹਾਦਸੇ ਤੋਂ ਬਾਅਦ ਮੇਰੇ ਵੱਲੋਂ ਕਿਹਾ ਗਿਆ ਸੀ ਕਿ ਅਕਾਲੀ ਆਗੂਆਂ ਨੂੰ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਮੁੱਖਮੰਤਰੀ ਪੰਜਾਬ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਕਾਲੀ ਆਗੂਆਂ ਨੂੰ ਸੁਰੱਖਿਆ ਦਿੱਤੀ ਜਾਵੇ ਖਾਸ ਕਰ ਸਾਬਕਾ ਉਪ-ਮੁੱਖਮੰਤਰੀ ਸੁਖਬੀਰ ਬਾਦਲ ਨੂੰ ਕਿਉਂਕਿ ਪਹਿਲਾਂ ਤਾਂ ਲੋਕਾਂ ਦੇ ਮਨਾਂ ਵਿੱਚ ਇਨ੍ਹਾਂ ਖ਼ਿਲਾਫ਼ ਗੁੱਸਾ ਸੀ ਪਰ ਹੁਣ ਉਹ ਗੁੱਸਾ ਨਫਰਤ ਵਿੱਚ ਤਬਦੀਲ ਹੋ ਚੁੱਕਿਆ ਹੈ ਅਤੇ ਉਸ ਨਫਰਤ ਤੋਂ ਇਨ੍ਹਾਂ ਨੂੰ ਬਚਾਉਣ ਲਈ ਸੁਰੱਖਿਆ ਜ਼ਰੂਰ ਦਿੱਤੀ ਜਾਵੇ।

ਨਸ਼ਿਆਂ ਦੇ ਮਸਲੇ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਪਾਸੇ ਕਰੜੇ ਕਦਮ ਚੁੱਕੇ ਗਏ ਹਨ। ਸਾਬਕਾ ਸਰਕਾਰ ਦੇ ਆਗੂਆਂ ਨੇ ਸੂਬੇ ਦੇ ਨੌਜਵਾਨਾਂ ਨੂੰ ਹੀ ਨਹੀਂ ਬਲਕਿ ਸੂਬੇ ਦੇ ਬੱਚਿਆਂ ਨੂੰ ਵੀ ਦਲਦਲ ਵਿੱਚ ਸੁੱਟ ਦਿੱਤਾ ਅਤੇ ਹੁਣ ਸਾਡੇ ਵੱਲੋਂ ਲੀਹੋਂ ਲੱਥੇ ਬੱਚਿਆਂ ਨੂੰ ਲੀਹੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਕਾਲੀ ਦਲ ਨੂੰ ਕੋਟਕਪੂਰਾ ਵਿਖੇ ਰੈਲੀ ਨਾ ਕਰਨ ਦਿੱਤੇ ਜਾਣ ਦੇ ਸਵਾਲ ਤੇ ਉਨ੍ਹਾਂ ਸੁਖਬੀਰ ਬਾਦਲ ਦੀ ਤੁਲਨਾ ਜਨਰਲ ਡਾਇਰ ਨਾਲ ਕਰਦੇ ਹੋਏ ਕਿਹਾ ਕਿ 3 ਸਾਲ ਪਹਿਲਾਂ ਉੱਥੇ ਇਨ੍ਹਾਂ ਦੀ ਸਰਕਾਰ ਦੇ ਸਮੇਂ ਧਰਨੇ ਤੇ ਬੈਠੇ ਲੋਕਾਂ ਤੇ ਗੋਲੀਆਂ ਚਲੀਆਂ। ਉਨ੍ਹਾਂ ਕਿਹਾ ਕਿ ਜਨਰਲ ਡਾਇਰ ਜਲਿਆਂਵਾਲੇ ਬਾਗ ਵਿਖੇ ਗੋਲੀ ਚਲਾਉਣ ਤੋਂ ਬਾਅਦ ਉੱਥੇ ਜਸ਼ਨ ਮਨਾਉਣ ਨਹੀਂ ਗਿਆ ਸੀ ਪਰ ਸੁਖਬੀਰ ਬਾਅਦ ਘਟਨਾ ਦੇ 3 ਸਾਲ ਬਾਅਦ ਉੱਥੇ ਜਸ਼ਨ ਮਨਾਉਣ ਜਾਣਾ ਚਾਹੁੰਦਾ ਸੀ ਜਦਕਿ ਸੁਖਬੀਰ ਬਾਦਲ ਨੂੰ ਚਾਹੀਦਾ ਸੀ ਉਸ ਹਾਦਸੇ ਦੇ ਪੀੜਿਤ ਲੋਕਾਂ ਦਾ ਹਾਲ ਪੁੱਛਦਾ ਅਤੇ ਉਨ੍ਹਾਂ ਤੋਂ ਮੁਆਫੀ ਮੰਗਦਾ।

ਐਚ.ਐਸ ਫੁਲਕਾ ਵੱਲੋਂ ਆਪਣੇ ਬਿਆਨ ਤੋਂ ਪਰਤਣ ਤੇ ਉਨ੍ਹਾਂ ਕਿਹਾ ਕਿ ਇਕੱਲੇ ਫੁਲਕਾ ਨੇ ਹੀ ਨਹੀਂ ਬਲਕਿ ਸੁਖਪਾਲ ਖਹਿਰਾ ਅਤੇ ਚੀਮਾ ਵੱਲੋਂ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਪਰ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਰਕਾਰਾਂ ਕਦੇ ਵੀ ਅਲਟੀਮੇਟਮ ਤੇ ਕਾਰਵਾਈ ਨਹੀਂ ਕਰਦੀਆਂ ਬਲਕਿ ਸਾਡੇ ਵੱਲੋਂ ਟੀਮ ਬਣਾਈ ਗਈ ਹੈ ਅਤੇ ਰਿਪੋਰਟ ਆਉਣ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ।