ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਪਾਬੰਦੀਸ਼ੁਦਾ ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਸਮੇਤ ਨਸ਼ਿਆਂ ਦੀ ਤਸਕਰੀ ਕਰਨ ਦੇ ਦੋਸ਼ 'ਚ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਆਰੋਪੀ ਦੇ ਖ਼ਿਲਾਫ਼ ਥਾਣਾ ਸਦਰ ਖੰਨਾ 'ਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੀਆਂ ਸ਼ੀਸ਼ੀਆਂ ਦੀ ਬਰਾਮਦਗੀ ਸਬੰਧੀ ਪੁਲਿਸ ਜ਼ਿਲਾ ਖੰਨਾ ਦੇ ਐਸਐਸਪੀ ਧਰੁਵ ਦਹਿਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਗੁਰਮੇਲ ਸਿੰਘ ਦੀ ਅਗਵਾਈ 'ਚ ਐਂਟੀ ਨਾਰਕੋਟਿਕਸ ਸੈਲ ਖੰਨਾ ਦੇ ਇੰਚਾਰਜ ਏਐਸਆਈ ਲਾਭ ਸਿੰਘ ਅਤੇ ਏਐਸਆਈ ਬਲਵੀਰ ਸਿੰਘ ਵੱਲੋਂ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਜੀ.ਟੀ ਰੋਡ ਸਥਿਤ ਪਿੰਡ ਅਲੌੜ ਦੇ ਪ੍ਰਿਸਟੀਨ ਮਾਲ ਸਾਹਮਣੇ ਕੀਤੀ ਗਈ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਮੰਡੀ ਗੋਬਿੰਦਗੜ ਵਾਲੀ ਸਾਈਡ ਤੋਂ ਸਰਵਿਸ ਲੇਨ ਤੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਚੈਕਿੰਗ ਲਈ ਰੋਕਿਆ ਗਿਆ।
ਐਸਐਸਪੀ ਧਰੁਵ ਦਹਿਆ ਨੇ ਦਾਅਵਾ ਕਰਦੇ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਕਤ ਵਿਅਕਤੀ ਦੇ ਚੁੱਕੇ ਹੋਏ ਬੈਗ ਦੀ ਚੈਕਿੰਗ ਕੀਤੀ ਤਾਂ ਬੈਗ ਵਿੱਚੋਂ ਪਾਬੰਦੀਸ਼ੁਦਾ ਨਸ਼ੀਲੀ ਦਵਾਈ ਦੀਆਂ 65 ਸ਼ੀਸ਼ੀਆਂ ਮਾਰਕਾ ਓਨਰੈਕਸ ਬਰਾਮਦ ਹੋਈਆਂ ਹਨ। ਬਾਅਦ 'ਚ ਕਾਬੂ ਕੀਤੇ ਵਿਅਕਤੀ ਪਾਸੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸਦੀ ਪਹਿਚਾਣ ਆਸ਼ਿਕ ਹੁਸੈਨ ਵਾਸੀ ਨੇੜੇ ਕ੍ਰਿਸ਼ਨਾ ਮਾਰਕਿਟ, ਲਾਜਪਤ ਨਗਰ ਨਵੀਂ ਦਿੱਲੀ ਵਜੋਂ ਹੋਈ ਹੈ। ਜਿਸਦੇ ਖ਼ਿਲਾਫ਼ ਥਾਣਾ ਸਦਰ 'ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਬਰਾਮਦ ਨਸ਼ੀਲੀ ਦਵਾਈ ਦੀ ਸ਼ੀਸ਼ੀਆਂ ਨੂੰ ਕਿੱਥੋਂ ਅਤੇ ਕਿਸ ਵਿਅਕਤੀ ਪਾਸੋਂ ਖ਼ਰੀਦ ਕੇ ਲਿਆਇਆ ਸੀ ਅਤੇ ਅੱਗੇ ਕਿਸ ਵਿਅਕਤੀ ਨੂੰ ਸਪਲਾਈ ਕਰਨੀ ਸੀ।