ਮਨਲੀਨ ਨੂੰ ਦਵੋ ਇਨਸਾਫ਼!!

Last Updated: Sep 14 2018 19:06
Reading time: 0 mins, 59 secs

ਪਟਿਆਲਾ ਸ਼ਹਿਰ ਦੀ ਇੱਕ ਹੋਣਹਾਰ ਕੁੜੀ ਨੇ ਨਿਜੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦੀ ਲਾਪਰਵਾਹੀ ਕਾਰਣ ਆਪਣੀ ਜਾਨ ਗਵਾ ਦਿੱਤੀ ਹੈ। ਮਾਮੂਲੀ ਜਿਹਾ ਓਪਰੇਸ਼ਨ ਕਰਨ ਦੇ ਨਾਂਅ ਤੇ ਸਹਾਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਅਜਿਹੀ ਚੂਕ ਹੋ ਜਾਣ ਦਾ ਆਰੋਪ ਹੈ, ਜਿਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਮ੍ਰਿਤਕਾ ਦੀ ਪਹਿਚਾਣ ਮਨਲੀਨ ਕੌਰ ਵਾਸੀ ਪਟਿਆਲਾ ਦੇ ਤੌਰ ਤੇ ਹੋਈ ਹੈ, ਜੋਕਿ ਇੱਕ ਨੈਸ਼ਨਲ ਸਵੀਮਰ ਹੋਣ ਦੇ ਨਾਲ-ਨਾਲ ਐਨਸੀਸੀ ਕੈਡਿਟ ਮੈਂਬਰ ਵੀ ਸੀ। ਪਰਿਵਾਰ ਵੱਲੋਂ ਮਨਲੀਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮਨਲੀਨ ਦੇ ਮਾਤਾ-ਪਿਤਾ ਨੂੰ ਇਸ ਗੱਲ ਦਾ ਗਹਿਰਾ ਸਦਮਾ ਪਹੁੰਚਿਆ ਹੈ ਪਰ ਰਿਸ਼ਤੇਦਾਰਾਂ ਨੇ ਹਸਪਤਾਲ ਤੇ ਆਰੋਪ ਲਗਾਇਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੇ ਮਨਲੀਨ ਦੀ ਜਾਨ ਲਈ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਮਨਲੀਨ ਦੇ ਪੇਟ ਵਿੱਚ ਛੋਟੀ ਜਿਹੀ ਰਸੌਲੀ ਸੀ, ਜਿਸਨੂੰ ਓਪਰੇਟ ਕਰਵਾਉਣ ਲਈ ਉਨ੍ਹਾਂ ਨੇ ਉਸਨੂੰ ਸਹਾਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਜਦੋਂ ਓਪਰੇਸ਼ਨ ਤੋਂ ਬਾਅਦ ਮਨਲੀਨ ਦੀ ਹਾਲਤ ਨੂੰ ਪਰਿਵਾਰਕ ਮੈਂਬਰਾਂ ਨੇ ਵੇਖਿਆ ਤਾਂ ਉਨ੍ਹਾਂ ਨੂੰ ਕੋਈ ਗੜਬੜ ਲੱਗੀ। ਉਹ ਉਸੇ ਵੇਲੇ ਮਨਲੀਨ ਨੂੰ ਦੂਜੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਮਨਲੀਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਦੀ ਮੰਗ ਹੈ ਕਿ ਮਨਲੀਨ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਅਤੇ ਪਰਿਵਾਰ ਦੇ ਹੱਕ ਵਿੱਚ ਸ਼ਹਿਰ ਵਾਸੀ ਵੀ ਹੌਲੀ-ਹੌਲੀ ਖੜੇ ਹੋ ਰਹੇ ਹਨ।