ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਇੱਕ ਵਿਅਕਤੀ ਕਾਬੂ, ਸਾਥੀ ਫਰਾਰ, ਟਰੈਕਟਰ-ਟਰਾਲੀ ਬਰਾਮਦ

Last Updated: Sep 14 2018 19:10
Reading time: 1 min, 28 secs

ਸਤਲੁਜ ਦਰਿਆ ਦੇ ਇਲਾਕਿਆਂ 'ਚੋਂ ਨਜਾਇਜ਼ ਢੰਗ ਨਾਲ ਰੇਤ ਦੀ ਮਾਈਨਿੰਗ ਕਰਨ ਤੇ ਪ੍ਰਦੇਸ਼ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਇਲਾਕੇ 'ਚੋਂ ਰੇਤਾ ਚੋਰੀ ਕਰਨ ਦਾ ਧੰਦਾ ਜ਼ੋਰਾਂ ਤੇ ਚੱਲ ਰਿਹਾ ਹੈ। ਨਜਾਇਜ਼ ਤੌਰ ਤੇ ਮਾਈਨਿੰਗ ਕਰਕੇ ਰੇਤਾ ਚੋਰੀ ਕਰਨ ਦੀ ਸੂਚਨਾ ਮਿਲਣ ਦੇ ਬਾਅਦ ਜ਼ਿਲ੍ਹਾ ਪੁਲਿਸ ਨੇ ਨਜ਼ਦੀਕੀ ਪਿੰਡ ਹੁਸੈਨਪੁਰਾ ਕੋਲ ਛਾਪਾਮਾਰੀ ਕਰਕੇ ਦਰਿਆ ਦੇ ਇਲਾਕੇ 'ਚੋਂ ਰੇਤਾ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦਕਿ ਮੌਕੇ ਤੋਂ ਉਸਦਾ ਦੂਸਰਾ ਸਾਥੀ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ਤੇ ਚੋਰੀ ਦੇ ਰੇਤੇ ਨਾਲ ਲੋਡ ਇੱਕ ਟਰੈਕਟਰ-ਟਰਾਲੀ ਨੂੰ ਕਬਜ਼ੇ 'ਚ ਲੈ ਕੇ ਕਾਬੂ ਕੀਤੇ ਅਤੇ ਫਰਾਰ ਹੋਏ ਵਿਅਕਤੀ ਦੇ ਖ਼ਿਲਾਫ਼ ਨਜਾਇਜ਼ ਮਾਈਨਿੰਗ ਅਤੇ ਰੇਤਾ ਚੋਰੀ ਕਰਨ ਦੇ ਦੋਸ਼ 'ਚ ਥਾਣਾ ਮੇਹਰਬਾਨ 'ਚ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਹੁਸੈਨਪੁਰਾ ਕੋਲ ਦਰਿਆ ਦੇ ਇਲਾਕੇ 'ਚੋਂ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਢੰਗ ਨਾਲ ਮਾਈਨਿੰਗ ਕਰਕੇ ਰੇਤਾ ਚੋਰੀ ਕੀਤਾ ਜਾ ਰਿਹਾ ਹੈ। ਜਿਸਦੇ ਬਾਅਦ ਪੁਲਿਸ ਪਾਰਟੀ ਨੇ ਸਤਲੁਜ ਦਰਿਆ ਕੋਲ ਛਾਪਾਮਾਰੀ ਕੀਤੀ ਅਤੇ ਮੌਕੇ ਤੋਂ ਰੇਤਾ ਚੋਰੀ ਕਰਨ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ, ਜਦਕਿ ਉਸਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਇਸਦੇ ਬਾਅਦ ਪੁਲਿਸ ਨੇ ਮੌਕੇ ਤੋਂ ਰੇਤੇ ਨਾਲ ਭਰੀ ਇੱਕ ਟਰੈਕਟਰ ਟਰਾਲੀ ਬਰਾਮਦ ਕੀਤੀ ਹੈ।

ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਹੌਲਦਾਰ ਸੰਜੀਵ ਕੁਮਾਰ ਨੇ ਦਾਅਵਾ ਕਰਦੇ ਦੱਸਿਆ ਕਿ ਮੌਕੇ ਤੋਂ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਦੀ ਪਹਿਚਾਣ ਹਰਦੀਪ ਸਿੰਘ ਵਜੋਂ ਹੋਈ ਹੈ। ਜਦਕਿ ਉਸ ਪਾਸੋਂ ਕੀਤੀ ਪੁੱਛਗਿੱਛ ਬਾਅਦ ਫਰਾਰ ਹੋਏ ਆਰੋਪੀ ਦੀ ਸ਼ਨਾਖਤ ਸਤਨਾਮ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ ਦੇ ਤੌਰ ਤੇ ਹੋਈ ਹੈ। ਦੋਨਾਂ ਵਿਅਕਤੀਆਂ ਦੇ ਖ਼ਿਲਾਫ਼ ਨਜਾਇਜ਼ ਮਾਈਨਿੰਗ ਅਤੇ ਰੇਤਾ ਚੋਰੀ ਕਰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਫਰਾਰ ਆਰੋਪੀ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਮਾਮਲੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।