“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਖੇਤੀ ਮਾਹਿਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਲਿਆ ਜਾਇਜ਼ਾ

Last Updated: Sep 14 2018 19:02
Reading time: 1 min, 39 secs

ਝੋਨੇ/ਬਾਸਮਤੀ ਦੀ ਫ਼ਸਲ ਵਿੱਚ ਸਿਫ਼ਾਰਸ਼ ਤੋਂ ਵਧੇਰੇ ਅਤੇ ਜ਼ਰੂਰਤ ਤੋਂ ਬਗੈਰ ਕੀਟਨਾਸ਼ਕਾਂ ਅਤੇ ਉੱਲੀ ਨਾਸ਼ਕਾਂ ਦਾ ਛਿੜਕਾਅ ਨਾਂ ਕੀਤਾ ਜਾਵੇ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੇ ਮਿਸ਼ਨ ਤੰਦਰੁਸਤ ਤਹਿਤ ਬਲਾਕ ਪਠਾਨਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਪਿੰਡ ਪਰਮਾਨੰਦ ਵਿਖੇ ਨੰਬਰਦਾਰ ਮਨਜੀਤ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮਕਸਦ ਖਪਤਕਾਰਾਂ ਨੂੰ ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਸ਼ੁੱਧ ਭੋਜਨ ਅਤੇ ਕਿਸਾਨਾਂ ਨੂੰ ਉੱਚ ਮਿਆਰੀ ਅਤੇ ਸਹੀ ਮਿਕਦਾਰ ਵਿੱਚ ਰਸਾਇਣਿਕ ਖਾਦਾਂ, ਖੇਤੀ ਰਸਾਇਣਾਂ ਅਤੇ ਉੱਚ ਗੁਣਵੱਤਾ ਦੇ ਬੀਜ ਉਪਲਬਧ ਕਰਵਾਉਣਾ ਹੈ ਤਾਂ ਜੋ ਕਿਸਾਨਾਂ ਦੇ ਖੇਤੀ ਲਾਗਤ ਖਰਚਾ ਘਟਾ ਕੇ ਸ਼ੁੱਧ ਆਮਦਨ ਵਧਾਈ ਜਾ ਸਕੇ। 

ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਲਗਭਗ ਨਿਸਰ ਚੁੱਕੀ ਹੈ, ਫ਼ਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਕੀਤੇ ਵੀ ਤਣਾਂ ਛੇਦਕ ਸੁੰਡੀ ਦਾ ਹਮਲਾ ਵੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਸ ਝੋਨੇ ਦੇ ਪੂਰੀ ਤਰਾਂ ਨਿਸਰਣ ਤੋਂ ਬਾਅਦ 12 ਦਿਨ ਤੱਕ ਕਿਸੇ ਕਿਸਮ ਦਾ ਕੋਈ ਛਿੜਕਾਅ ਨਾਂ ਕੀਤਾ ਜਾਵੇ ਕਿਉਂਕਿ ਇਸ ਸਮੇਂ ਜੇਕਰ ਕੋਈ ਛਿੜਕਾਅ ਕਰਦੇ ਹਾਂ ਤਾਂ ਦਾਣਾ ਬਣਨ ਦੀ ਪ੍ਰਕ੍ਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਦਾਣੇ ਫੋਕੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਿਸਰਣ ਤੋਂ ਲੈ ਕੇ ਦੋਧੇ ਦਾਣੇ ਬਣਨ ਤੱਕ ਖੇਤ ਵਿੱਚ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਕਿਉਂਕਿ ਇਸ ਸਮੇਂ ਦੌਰਾਨ ਜੇਕਰ ਫ਼ਸਲ ਨੂੰ ਪਾਣੀ ਦੀ ਘਾਟ ਆ ਗਈ ਤਾਂ ਦਾਣੇ ਫੋਕੇ ਰਹਿ ਜਾਂਦੇ ਹਨ, ਜਿਸ ਨਾਲ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਤੋਂ ਸਲਾਹ ਲੈਣ ਉਪਰੰਤ ਸਿਫ਼ਾਰਸ਼ ਸ਼ੁਦਾ ਰਸਾਇਣਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕੀਟਨਾਸ਼ਕ ਡੀਲਰਾਂ ਨੂੰ ਵੀ ਹਦਾਇਤ ਕੀਤੀ ਕਿ ਕਿਸੇ ਕਿਸਾਨ ਨੂੰ ਬਿਨਾਂ ਜ਼ਰੂਰਤ ਤੋਂ ਕਿਸੇ ਕੀਟਨਾਸ਼ਕ ਦੀ ਵਿੱਕਰੀ ਨਾਂ ਕੀਤੀ ਜਾਵੇ। ਡਾ ਹਰਿੰਦਰ ਸਿੰਘ ਬੈਂਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਸਮਗਰੀ ਖ਼ਰੀਦਣ ਉਪਰੰਤ ਖ਼ਰੀਦ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਖੇਤੀ ਸਮਗਰੀ ਵਿਕ੍ਰੇਤਾ ਖ਼ਰੀਦ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਲਿਖਤੀ ਸ਼ਿਕਾਇਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਕਰ ਸਕਦੇ ਹਨ।