ਫਰੀਦਕੋਟ ਪ੍ਰਸ਼ਾਸਨ ਵੱਲੋਂ ਅਕਾਲੀ ਦਲ ਦੀ ਪੋਲ ਖੋਲ ਰੈਲੀ ਰੱਦ (ਨਿਊਜ਼ਨੰਬਰ ਖਾਸ ਖਬਰ)

Last Updated: Sep 14 2018 18:54
Reading time: 1 min, 22 secs

ਐਤਵਾਰ 16 ਸਤੰਬਰ ਨੂੰ ਫਰੀਦਕੋਟ ਦੇ ਵਿੱਚ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਪੋਲ ਖੋਲ ਰੈਲੀ ਨੂੰ ਫਰੀਦਕੋਟ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਕਾਰਨਾਂ ਦੇ ਚੱਲਦੇ ਰੱਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਕਾਰਨਾਂ ਅਤੇ ਸਿੱਖ ਜੱਥੇਬੰਦੀਆਂ ਦੇ ਵਿਰੋਧ ਦੇ ਕਾਰਨ ਕਿਸੇ ਸੰਭਾਵੀ ਟਕਰਾਅ ਦੇ ਚੱਲਦੇ ਇਸ ਰੈਲੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਰੈਲੀ ਦੀ ਮਨਜ਼ੂਰੀ ਨਹੀਂ ਮਿਲਣ ਦੇ ਬਾਅਦ ਹੁਣ ਅਕਾਲੀ ਦਲ ਦੀ ਇਹ ਰੈਲੀ ਦੀਆਂ ਸਾਰੀਆਂ ਤਿਆਰੀਆਂ ਵੀ ਠੰਡੇ ਬਸਤੇ ਪੈ ਗਈਆਂ ਜਾਪਦੀਆਂ ਹਨ। ਦੱਸਣਯੋਗ ਹੈ ਕਿ ਇਹ ਰੈਲੀ ਇਸ ਤੋਂ ਪਹਿਲਾਂ 15 ਸਤੰਬਰ ਨੂੰ ਕੋਟਕਪੂਰਾ ਵਿੱਚ ਹੋਣੀ ਸੀ ਪਰ ਇੱਥੋਂ ਮਹਿਜ਼ 10 ਕਿਲੋਮੀਟਰ ਦੂਰ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਕਾਰਨ ਇਸਨੂੰ ਫਰੀਦਕੋਟ ਬਦਲ ਦਿੱਤਾ ਗਿਆ ਸੀ। ਫਰੀਦਕੋਟ ਦੀ ਸਬਜ਼ੀ ਮੰਡੀ ਦੇ ਮੈਦਾਨ ਦੇ ਵਿੱਚ ਇਸ ਰੈਲੀ ਦੀ ਪੂਰੀ ਤਿਆਰੀ ਵੀ ਜਾਰੀ ਸੀ ਪਰ ਐਨ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਅਕਾਲੀ ਦਲ ਦੇ ਵਿਰੋਧ ਦੇ ਚੱਲਦੇ ਇਸਨੂੰ ਮਨਜ਼ੂਰੀ ਨਹੀਂ ਦੇਣ ਦਾ ਫੈਸਲਾ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਕੁਝ ਸਿੱਖ ਜੱਥੇਬੰਦੀਆਂ ਦੇ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਸੀ, ਅਕਾਲੀ ਵਰਕਰਾਂ ਤੇ ਸਿਖਾਂ ਦਰਮਿਆਨ ਮਾਮਲਾ ਹੱਥੋਪਾਈ ਤੱਕ ਅੱਪੜ ਗਿਆ ਸੀ। ਇਸ ਮਾਮਲੇ ਤੇ ਬੋਲਦੇ ਹੋਏ ਫਰੀਦਕੋਟ ਦੇ ਅਕਾਲੀ ਦਲ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਇਸ ਰੈਲੀ ਨੂੰ ਰੱਦ ਕਰਨਾ ਕਾਂਗਰਸ ਸਰਕਾਰ ਦੀ ਬੁਖਲਾਹਟ ਹੈ। ਉਨ੍ਹਾਂ ਕਿਹਾ ਕਿ ਦਾਦੂਵਾਲ ਦੇ ਨਾਲ ਮਿਲ ਕੇ ਕਾਂਗਰਸ ਦੇ ਵੱਲੋਂ ਅਕਾਲੀ ਦਲ ਦੀ ਸਾਖ ਨੂੰ ਖ਼ਰਾਬ ਕਰਨ ਲਈ ਰਾਜਨੀਤਿਕ ਹੱਥਕੰਡੇ ਅਪਣਾਏ ਜਾ ਰਹੇ ਹਨ। ਬੰਟੀ ਰੋਮਾਣਾ ਨੇ ਇਲਜ਼ਾਮ ਲਾਇਆ ਕਿ ਦਾਦੂਵਾਲ ਦੇ ਵੱਲੋਂ ਬਰਗਾੜੀ ਵਿੱਚ ਬੈਠ ਕੇ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਹ ਬੰਦਾ ਆਈ.ਐੱਸ.ਆਈ. ਤੋਂ ਪੈਸਾ ਲੈ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਵਿੱਚ ਲੱਗਿਆ ਹੋਇਆ ਹੈ।