'ਹੈਲਥ ਐਂਡ ਹੈਪੀਨੈਸ ਸੁਸਾਇਟੀ' ਵੱਲੋਂ ਸੈਨਿਕ ਸਕੂਲ ਵਿਖੇ ਚਾਰ ਰੋਜ਼ਾ ਯੋਗਾ ਅਤੇ ਮੈਡੀਟੇਸ਼ਨ ਕੈਂਪ

Last Updated: Sep 14 2018 18:35

'ਹੈਲਥ ਐਂਡ ਹੈਪੀਨੈਸ ਸੁਸਾਇਟੀ' ਵੱਲੋਂ ਸੈਨਿਕ ਸਕੂਲ ਵਿਖੇ ਚਾਰ ਰੋਜ਼ਾ ਯੋਗਾ ਅਤੇ ਮੈਡੀਟੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿੱਚ 600 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ਼ ਨੇ ਭਾਗ ਲਿਆ। ਇਹ ਕੈਂਪ ਸੈਨਿਕ ਸਕੂਲ ਦੇ ਪ੍ਰਿੰਸੀਪਲ ਕਰਨਲ ਵਿਕਾਸ ਮੋਹਨ, ਵਾਈਸ ਪ੍ਰਿੰਸੀਪਲ ਲੈਫ਼ਟੀਨੈਂਟ ਕਰਨਲ ਸੀਮਾ ਮਿਸ਼ਰਾ ਅਤੇ ਸਕੂਲ ਦੇ ਐਡਮਿਨਸਟ੍ਰੇਟਰ ਲੈਫ਼ਟੀਨੈਂਟ ਕਮਾਂਡਰ ਦਿਲਪ੍ਰੀਤ ਸਿੰਘ ਕੰਗ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਯੋਗਾ ਮਾਹਿਰ ਸੇਵਾਮੁਕਤ ਕਰਨਲ ਸੇਵਾ ਸਿੰਘ, ਜੋਕਿ ਹੈਲਥ ਐਂਡ ਹੈਪੀਨੈਸ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਵਿਦਿਆਰਥੀਆਂ ਨੂੰ ਯੋਗ ਦਾ ਅਭਿਆਸ ਕਰਵਾਇਆ। ਉਨ੍ਹਾਂ ਦੱਸਿਆ ਕਿ ਯੋਗਾ ਅਭਿਆਸ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬੇਹੱਦ ਕਾਰਗਰ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਕਸਰਤ ਹੁੰਦੀ ਹੈ ਉੱਥੇ ਮਾਨਸਿਕ ਤਣਾਅ ਤੋਂ ਵੀ ਛੁਟਕਾਰਾ ਮਿਲਦਾ ਹੈ। ਸੈਨਿਕ ਸਕੂਲ ਦੇ ਪ੍ਰਿੰਸੀਪਲ ਕਰਨਲ ਵਿਕਾਸ ਮੋਹਨ ਨੇ ਇਸ ਮੌਕੇ ਦੱਸਿਆ ਕਿ ਸੈਨਿਕ ਸਕੂਲ ਦੇ ਵਿਦਿਆਰਥੀ ਹੁਣ ਪੀ.ਟੀ ਦੇ ਨਾਲ-ਨਾਲ ਯੋਗਾ ਅਭਿਆਸ ਵੀ ਕਰਿਆ ਕਰਨਗੇ। ਕਰਨਲ ਸੇਵਾ ਸਿੰਘ ਨੇ ਸਕੂਲ ਦੇ ਅਧਿਆਪਕ ਆਰ.ਐਸ ਰਾਣਾ ਅਤੇ ਐਚ.ਪੀ ਸ਼ੁਕਲਾ ਨੂੰ ਵੀ ਯੋਗਾ ਦੀ ਸਿਖਲਾਈ ਦਿੱਤੀ ਤਾਂ ਜੋ ਉਹ ਵਿਦਿਆਰਥੀਆਂ ਨੂੰ ਰੁਟੀਨ ਵਿੱਚ ਯੋਗਾ ਕਰਵਾ ਸਕਣ। ਕਰਨਲ ਸੇਵਾ ਸਿੰਘ, ਜੋਕਿ ਕਪੂਰਥਲਾ ਦੇ ਵਸਨੀਕ ਹਨ, ਪਿਛਲੇ 20 ਸਾਲਾਂ ਤੋਂ ਕਪੂਰਥਲਾ ਵਾਸੀਆਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਯੋਗਾ ਅਭਿਆਸ ਕਰਵਾ ਰਹੇ ਹਨ। ਜ਼ਿਕਰਯੋਗ ਹੈ ਕਿ ਹੈਲਥ ਐਂਡ ਹੈਪੀਨੈਸ ਸੁਸਾਇਟੀ ਯੋਗਾ ਦੀ ਮੁਫ਼ਤ ਸਿੱਖਿਆ ਪ੍ਰਦਾਨ ਕਰਵਾ ਰਹੀ ਹੈ ਅਤੇ ਪਿਛਲੇ 13 ਸਾਲਾਂ ਤੋਂ ਵਿਰਸਾ ਵਿਹਾਰ ਵਿਖੇ ਰੋਜ਼ਾਨਾ ਸਵੇਰੇ ਕੈਂਪ ਲਗਾ ਰਹੀ ਹੈ।