ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ ਅਤੇ ਇਤਰਾਜ਼ ਲੈਣ ਲਈ ਬੀ.ਐਲ.ਓਜ਼ 16 ਸਤੰਬਰ ਨੂੰ ਪੋਲਿੰਗ ਬੂਥਾਂ 'ਤੇ ਹੋਣਗੇ ਤਾਇਨਾਤ: ਡੀ.ਸੀ ਢਿੱਲੋਂ

Last Updated: Sep 14 2018 18:31

ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਦਾਅਵੇ ਅਤੇ ਇਤਰਾਜ਼ ਦਾਖਲ ਕਰਵਾਉਣ ਦੇ ਨਾਲ ਨਵੀਆਂ ਵੋਟਾਂ ਬਣਾਉਣ ਦੇ ਸੰਬੰਧ 'ਚ ਸਮੂਹ ਬੀਐਲਓਜ਼ 16 ਸਤੰਬਰ ਦਿਨ ਐਤਵਾਰ ਨੂੰ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਤੇ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 18 ਸਾਲ ਜਾਂ ਇਸ ਤੋਂ ਵੱਧ ਦਾ ਕੋਈ ਵੀ ਨਾਗਰਿਕ ਆਪਣੀ ਵੋਟ ਬਣਵਾਉਣ ਸਬੰਧੀ ਫਾਰਮ ਭਰ ਕੇ ਬੀਐਲਓਜ਼ ਨੂੰ ਦੇ ਸਕਦਾ ਹੈ।

ਉਪਰੋਕਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੱਸਿਆ ਕਿ ਜ਼ਿਲ੍ਹੇ ਵਿੱਚ 1-1-2019 ਦੀ ਯੋਗਤਾ ਦੇ ਆਧਾਰ ਵੋਟਰ ਸੂਚੀਆਂ ਦੀ ਕਰਵਾਈ ਜਾ ਰਹੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ ਅਤੇ ਇਤਰਾਜ਼ 16 ਸਤੰਬਰ ਨੂੰ ਪੋਲਿੰਗ ਸਟੇਸ਼ਨਾਂ ਤੇ ਬੈਠਣ ਵਾਲੇ ਬੀ.ਐਲ.ਓਜ਼ ਕੋਲ ਦਾਖਲ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ 1 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨ ਜਿਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਉਹ ਆਪਣੀ ਵੋਟ ਬਣਾਉਣ ਲਈ ਫਾਰਮ ਨੰ.6 ਭਰ ਕੇ ਸਬੰਧਿਤ ਬੀ.ਐਲ.ਓ. ਨੂੰ ਦੇ ਸਕਦੇ ਹਨ ਤਾਂ ਕਿ 100 ਫ਼ੀਸਦੀ ਯੋਗ ਨਾਗਰਿਕਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ।

ਡੀ.ਸੀ ਢਿੱਲੋਂ ਨੇ ਨੌਜਵਾਨ ਵਰਗ ਨੂੰ ਪ੍ਰੇਰਤ ਕਰਦੇ ਕਿਹਾ ਕਿ ਵੋਟ ਬਣਾਉਣਾ ਅਤੇ ਉਸਦਾ ਸਹੀ ਇਸਤੇਮਾਲ ਕਰਨਾ ਹਰੇਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਇਸ ਤੋਂ ਇਲਾਵਾ ਇਹ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਬਿਹਤਰ ਸਮਾਜ ਦੀ ਸਿਰਜਣਾ ਲਈ ਨਾਗਰਿਕ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਦੇਸ਼ ਅਤੇ ਸੂਬੇ ਦੀ ਤਰੱਕੀ ਵਿੱਚ ਆਪਣਾ ਉਸਾਰੂ ਯੋਗਦਾਨ ਪਾ ਸਕਦੇ ਹਾਂ। ਇਸ ਦੇ ਲਈ ਨਵੀਂ ਵੋਟ ਬਣਵਾਉਣ ਲਈ ਫਾਰਮ ਨੰ.6, ਵੋਟ ਕਟਵਾਉਣ ਲਈ ਫਾਰਮ ਨੰ.7, ਨਾਮ ਵਿੱਚ ਸੋਧ ਕਰਵਾਉਣ ਲਈ ਫਾਰਮ ਨੰ.8, ਪਤਾ ਤਬਦੀਲ ਕਰਵਾਉਣ ਲਈ ਫਾਰਮ ਨੰ.8 ਅਤੇ ਐਨ.ਆਰ.ਆਈ. ਵੱਲੋਂ ਵੋਟ ਬਣਾਉਣ ਲਈ ਫਾਰਮ ਨੰ.6 ਏ ਭਰ ਕੇ ਆਪਣੇ ਬੂਥ ਲੈਵਲ ਅਫ਼ਸਰ ਨੂੰ ਦਿੱਤੇ ਜਾ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਲਈ ਫਾਰਮ ਨੰ.6 ਭਾਰਤ ਚੋਣ ਕਮਿਸ਼ਨ ਦੀ ਵੈੱਬ ਸਾਈਟ ਤੇ ਆਨ ਲਾਈਨ ਭਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਸੂਚਨਾ ਹੀ ਵੋਟਰ ਸ਼ਨਾਖ਼ਤੀ ਕਾਰਡ 'ਤੇ ਦਰਜ਼ ਕੀਤੀ ਜਾ ਸਕੇ। ਇਸ ਤੋਂ ਇਲਾਵਾ ਫਾਰਮ ਨੰ.6, 7, 8 ਅਤੇ ਫਾਰਮ ਨੰ.6-ਏ ਆਨ ਲਾਈਨ ਭਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਟੋਲ ਫ਼ਰੀ ਹੈਲਪ ਲਾਈਨ ਨੰਬਰ 1950 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।