ਡੇਂਗੂ ਫੈਲਾਉਣ ਵਾਲੇ ਕਾਰਨਾਂ ਨੂੰ ਰੋਕਣਾ ਜ਼ਰੂਰੀ: ਸਿਵਲ ਸਰਜਨ

Last Updated: Sep 14 2018 18:33

ਕਿਸੇ ਵੀ ਬਿਮਾਰੀ ਤੋਂ ਬਚਣ ਦਾ ਤਰੀਕਾ ਹੈ, ਉਸ ਬਿਮਾਰੀ ਨੂੰ ਫੈਲਾਉਣ ਵਾਲੇ ਕਾਰਨਾਂ ਨੂੰ ਰੋਕਿਆ ਜਾਵੇ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਡੇਂਗੂ ਬੁਖਾਰ ਤੋਂ ਬਚਾਅ ਦੇ ਸਬੰਧ ਵਿੱਚ ਕਹੇ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਡੇਂਗੂ ਤੋਂ ਬਚਾਅ, ਜਾਗਰੂਕਤਾ ਤੇ ਇਲਾਜ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ, ਪਰ ਵਿਭਾਗ ਦੇ ਯਤਨ ਤਦ ਹੀ ਸਫਲ ਹੋਣਗੇ ਜਦ ਲੋਕ ਨਾਲ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਏਡੀਜ ਏਜੀਪਟੀ ਸਾਫ ਖੜੇ ਪਾਣੀ ਵਿੱਚ ਹੁੰਦਾ ਹੈ। ਕੂਲਰਾਂ ਅਤੇ ਫਰਿੱਜਾਂ ਦੀਆਂ ਟ੍ਰੇਆਂ, ਗਮਲੇ, ਛੱਤਾਂ ਤੇ ਖੁਲੀਆਂ ਪਈਆਂ ਪਾਣੀ ਦੀਆਂ ਟੈਂਕੀਆਂ ਤੇ ਕਬਾੜ ਇਸ ਮੱਛਰ ਦੇ ਪੈਦਾ ਹੋਣ ਦੇ ਮੁੱਖ ਸਰੋਤ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਦਾ ਠਹਿਰਾਅ ਨਾ ਹੋਣ ਦਿੱਤਾ ਜਾਵੇ ਤੇ ਡੇਂਗੂ ਮੁਕਤ ਸ਼ਹਿਰ ਰੱਖਣ ਨੂੰ ਆਪਣੀ ਸਮੂਹਿਕ ਜ਼ਿੰਮੇਵਾਰੀ ਸਮਝਿਆ ਜਾਵੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਡੇਂਗੂ ਵਾਰਡ ਬਣਾਇਆ ਗਿਆ ਹੈ। 

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫੀਲਡ ਵਿੱਚ ਟੀਮਾਂ ਭੇਜੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਉਕਤ ਟੀਮਾਂ ਵੱਲੋਂ ਬ੍ਰੀਡਿੰਗ ਦੇ ਸੋਮਿਆਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਬ੍ਰੀਡਿੰਗ ਲੱਭਣ ਤੇ ਉਸ ਨੂੰ ਨਸ਼ਟ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੇਸਰੀ ਬਾਗ, ਮੰਡੀ ਚੌਂਕ, ਦਸ਼ਮੇਸ਼ ਕਲੌਨੀ ਦੀ ਗਲੀ ਨੰਬਰ 2 ਅਤੇ 3, ਸੁਖਜੀਤ ਨਗਰ ਅਤੇ ਕਸਾਬਾ ਮੁਹੱਲਾ ਤੋਂ ਵਿਭਾਗ ਦੀਆਂ ਟੀਮਾਂ ਨੂੰ ਡੇਂਗੂ ਦਾ ਲਾਰਵਾ ਮਿਲਿਆ ਹੈ। ਡਾ. ਨਵਪ੍ਰੀਤ ਨੇ ਇਹ ਵੀ ਦੱਸਿਆ ਕਿ ਉਕਤ ਲਾਰਵਾ ਕੂਲਰਾਂ, ਫਿਸ਼ ਅਕਵੇਰੀਅਮ, ਗਮਲਿਆਂ ਆਦਿ ਸਰੋਤਾਂ ਤੋਂ ਮਿਲਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਡਰਾਈ ਡੇ ਦੀ ਪਾਲਣਾ ਕੀਤੀ ਜਾਏ ਤੇ ਸਿਹਤ ਵਿਭਾਗ ਵੱਲੋਂ ਭੇਜੀਆਂ ਟੀਮਾਂ ਨਾਲ ਸਹਿਯੋਗ ਕੀਤਾ ਜਾਵੇ।