ਮਾਰਕਫੈੱਡ ਦਫ਼ਤਰ ਵਿਖੇ ਭਾਰੀ ਮਾਤਰਾ 'ਚ ਮਿਲਿਆ ਡੇਂਗੂ ਬਿਮਾਰੀ ਫੈਲਾਉਣ ਵਾਲਾ ਮੱਛਰ..!!

Last Updated: Sep 14 2018 18:12

ਸਿਵਲ ਸਰਜਨ ਫ਼ਿਰੋਜ਼ਪੁਰ ਡਾਕਟਰ ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੀ ਟੀਮ ਵੱਲੋਂ ਆਈ.ਜੀ ਹਾਊਸ, ਪੀ.ਡਬਲ ਯੂ.ਡੀ ਦਫ਼ਤਰ, ਮਾਰਕਫੈੱਡ ਦਫ਼ਤਰ ਅਤੇ ਸੈਸ਼ਨ ਜੱਜ ਹਾਊਸ ਅਤੇ ਬ੍ਰਹਮ ਨਗਰੀ ਏਰੀਆ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਮਾਰਕਫੈੱਡ ਦਫ਼ਤਰ ਵਿੱਚ ਭਾਰੀ ਮਾਤਰਾ ਵਿੱਚ ਡੇਂਗੂ ਬਿਮਾਰੀ ਫੈਲਾਉਣ ਵਾਲਾ ਏਡੀ ਮੱਛਰ ਦਾ ਲਾਰਵਾ ਪਾਇਆ ਗਿਆ। ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰਦੇ ਹੋਏ ਨਰਿੰਦਰ ਕੁਮਾਰ ਅਤੇ ਪੁਨੀਤ ਮਹਿਤਾ ਵੱਲੋਂ ਮੌਕੇ 'ਤੇ ਹੀ ਨਗਰ ਕੌਂਸਲ ਨਾਲ ਤਾਲਮੇਲ ਕਰਕੇ ਸੈਨੇਟਰੀ ਇੰਸਪੈਕਟਰ ਦੁਆਰਾ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ ਸਬੰਧਿਤ ਸੰਸਥਾ ਨੂੰ ਚਲਾਨ ਕਰਨ ਲਈ ਸੂਚਿਤ ਕੀਤਾ ਗਿਆ। 

ਇਸ ਮੌਕੇ ਸਿਹਤ ਅਧਿਕਾਰੀਆਂ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੀ ਸੰਸਥਾ ਵਿੱਚ ਡੇਂਗੂ ਦਾ ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਉਸ ਦਾ ਬਲੱਡ ਸੈਂਪਲ ਤੁਰੰਤ ਸਿਵਲ ਹਸਪਤਾਲ ਫ਼ਿਰੋਜਪੁਰ ਵਿਖੇ ਜਾਂਚ ਲਈ ਭੇਜਿਆ ਜਾਵੇ ਅਤੇ ਆਪਣੀ ਸੰਸਥਾ ਵਿੱਚ ਆਉਣ ਵਾਲੇ ਡੇਂਗੂ ਦੇ ਮਰੀਜ਼ਾਂ ਦੀ ਰੋਜ਼ਾਨਾ ਰਿਪੋਰਟ ਦਫ਼ਤਰ ਸਿਵਲ ਸਰਜਨ ਫ਼ਿਰੋਜ਼ਪੁਰ ਵਿਖੇ ਭੇਜੀ ਜਾਵੇ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਡੇਂਗੂ ਜਿਹੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਆਪਣੇ ਘਰਾਂ ਦੇ ਆਲ਼ੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ ਅਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਜਿਸ ਨਾਲ ਮੱਛਰਾਂ ਦੀ ਪੈਦਾਵਾਰ ਤੇ ਰੋਕ ਲਗਾਈ ਜਾ ਸਕੇ। 

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਆਪਣੇ ਘਰ ਵਿੱਚ ਜਾਂ ਆਸ ਪਾਸ ਕੋਈ ਡੇਂਗੂ ਦਾ ਸੱਕੀ ਮਰੀਜ਼ ਲਗਦਾ ਹੈ ਤਾਂ ਉਸ ਦਾ ਚੈੱਕਅਪ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿੱਚ ਕਰਵਾਇਆ ਜਾਵੇ। ਡੇਂਗੂ ਦਾ ਟੈੱਸਟ ਅਤੇ ਸੁਪੋਰਟਿਵ ਇਲਾਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਕਿਸੇ ਦਫ਼ਤਰ/ਘਰ ਵਿੱਚ ਮੱਛਰ ਦਾ ਲਾਰਵਾ ਮਿਲਦਾ ਹੈ ਤਾਂ ਉਸ ਦੇ ਮੁਖੀ ਨੂੰ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ 500 ਤੋਂ ਲੈ ਕੇ 11000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।